USA Weather: ਅਮਰੀਕਾ 'ਚ ਕੁਦਰਤ ਦਾ ਕਹਿਰ, ਭਿਆਨਕ ਤੂਫਾਨ ਮਗਰੋਂ ਬਾਰਸ਼ ਤੇ ਬਰਫਬਾਰੀ ਨੇ ਮਚਾਈ ਤਬਾਹੀ, ਮੌਸਮ ਵਿਭਾਗ ਦੀ ਚੇਤਾਵਨੀ
ਅਮਰੀਕਾ ਵਿੱਚ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ
Weather in USA: ਅਮਰੀਕਾ ਵਿੱਚ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਕਈ ਰਾਜਮਾਰਗ ਬੰਦ ਹੋ ਗਏ ਜਦਕਿ ਸਿਏਰਾ ਨੇਵਾਦਾ ’ਚ ਦੋ ਫੁੱਟ ਤੱਕ ਬਰਫ ਪੈਣ ਦੀ ਚਿਤਾਵਨੀ ਹੈ।
ਸੈਕਰਾਮੈਂਟੋ ’ਚ ਕੌਮੀ ਮੌਸਮ ਸੇਵਾ ਨੇ ਵਾਹਨ ਚਾਲਕਾਂ ਨੂੰ ਜੋਖ਼ਮ ਭਰੇ ਹਾਲਾਤ ਬਾਰੇ ਚਿਤਾਵਨੀ ਦਿੱਤੀ ਤੇ ਬਰਫ਼ ਨਾਲ ਢਕੇ ਪਹਾੜੀ ਰਾਹਾਂ ’ਤੇ ਟਰੈਫਿਕ ਦੀਆਂ ਤਸਵੀਰਾਂ ਟਵਿੱਟਰ ’ਤੇ ਪੋਸਟ ਕੀਤੀਆਂ ਜਿੱਥੇ ਵਾਹਨਾਂ ਨੂੰ ਜ਼ੰਜੀਰਾਂ ਜਾਂ ਫੋਰਵ੍ਹੀਲ ਡਰਾਈਵ ਦੀ ਜ਼ਰੂਰਤ ਸੀ। ਵਿਭਾਗ ਅਨੁਸਾਰ ਹੜ੍ਹਾਂ ਤੇ ਪਹਾੜ ਖਿਸਕਣ ਕਾਰਨ ਉੱਤਰੀ ਕੈਲੀਫੋਰਨੀਆ ’ਚ ਸੜਕਾਂ ਦੇ ਕੁਝ ਹਿੱਸੇ ਬੰਦ ਹੋ ਗਏ ਹਨ।
ਸੈਕਰਾਮੈਂਟੋ ਨਿਗਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ 1.53 ਲੱਖ ਲੋਕ ਪ੍ਰਭਾਵਿਤ ਹੋਏ ਹਨ। ਨਿਗਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ ਇਸ ਭਿਆਨਕ ਬਰਫੀਲੇ ਤੂਫਾਨ ਤੋਂ ਪੀੜਤ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਬਹੁਤ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ। ਸੈਕਰਾਮੈਂਟੋ ਕਾਊਂਟੀ ਨੇ ਵਿਲਟਨ ਦੇ ਲੋਕਾਂ ਨੂੰ ਹੜ੍ਹਾਂ ਦੀ ਚਿਤਾਵਨੀ ਦਿੰਦਿਆਂ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਸਾਂ ਫਰਾਂਸਿਸਕੋ ’ਚ 5 ਇੰਚ ਤੱਕ ਮੀਂਹ ਪਿਆ ਹੈ ਜੋ ਨਵੰਬਰ 1994 ਤੋਂ ਬਾਅਦ ਪਿਆ ਸਭ ਤੋਂ ਵੱਧ ਮੀਂਹ ਹੈ। ਵਿਭਾਗ ਨੇ ਕਿਹਾ ਕਿ ਮੀਂਹ ਲਗਾਤਾਰ ਪੈ ਰਿਹਾ ਹੈ ਤੇ ਤਿੰਨ ਦਹਾਕੇ ਪੁਰਾਣਾ ਮੀਂਹ ਦਾ ਰਿਕਾਰਡ ਟੁੱਟਣ ਦਾ ਖਦਸ਼ਾ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਕਿ ਹੜ੍ਹਾਂ ਕਾਰਨ ਯੂਐੱਸ 101 ਦਾ ਸੈਕਸ਼ਨ ਬੰਦ ਕਰ ਦਿੱਤਾ ਗਿਆ ਹੈ। ਸਾਂ ਫਰਾਂਸਿਸਕੋ ਦੀਆਂ ਸੜਕਾਂ ’ਤੇ ਚਿੱਕੜ ਭਰੇ ਵਗਦੇ ਪਾਣੀ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।