(Source: ECI/ABP News/ABP Majha)
UK MP Preet Kaur Gill accused India: 'ਭਾਰਤੀ ਏਜੰਟ ਯੂਕੇ 'ਚ ਸਿੱਖਾਂ ਨੂੰ ਕਰ ਰਹੇ ਨਿਸ਼ਾਨਾ', ਸੰਸਦ ਮੈਂਬਰ ਪ੍ਰੀਤ ਗਿੱਲ ਨੇ ਲਾਏ ਵੱਡੇ ਇਲਜ਼ਾਮ
UK Parliament: ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੋਸ਼ ਲਾਇਆ ਕਿ ਭਾਰਤ ਨਾਲ ਜੁੜੇ ਏਜੰਟ ਬਰਤਾਨੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
UK MP Preet Kaur Gill accused India: ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਹਾਊਸ ਆਫ ਕਾਮਨਜ਼ ਦੇ ਸੈਸ਼ਨ ਦੌਰਾਨ ਬਰਤਾਨੀਆ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲਾਏ ਹਨ। ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੋਸ਼ ਲਾਇਆ ਕਿ ਭਾਰਤ ਨਾਲ ਜੁੜੇ ਏਜੰਟ ਬਰਤਾਨੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਬਰਤਾਨੀਆ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਬਰਤਾਨੀਆ ਵਿੱਚ ਰਹਿੰਦੇ ਸਿੱਖ ਭਾਰਤ ਨਾਲ ਜੁੜੇ ਏਜੰਟਾਂ ਦੀ ਹਿੱਟ ਲਿਸਟ 'ਤੇ ਹਨ। ਸੰਸਦ ਮੈਂਬਰ ਨੇ ਸੁਰੱਖਿਆ ਮੰਤਰੀ ਟੌਮ ਤੁਗੇਂਦਟ ਨੂੰ ਜ਼ੁਬਾਨੀ ਸਵਾਲਾਂ ਦੇ ਰੂਪ ਵਿੱਚ ਪੁੱਛਿਆ ਕਿ ਬ੍ਰਿਟਿਸ਼ ਸਰਕਾਰ ਦੇਸ਼ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ।
ਹਾਲਾਂਕਿ ਸੰਸਦ ਮੈਂਬਰ ਨੇ ਕਿਸੇ ਦਾ ਨਾਮ ਲਏ ਬਗੈਰ ਸੰਸਦ ਦੇ ਹੇਠਲੇ ਸਦਨ ਵਿੱਚ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਫਾਈਵ ਆਈਜ਼ ਦੇਸ਼ਾਂ ਨੇ ਬਰਤਾਨੀਆ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਨਾਲ ਜੁੜੇ ਏਜੰਟਾਂ ਦੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਕਥਿਤ ਕਤਲ ਹੋਏ ਹਨ ਤੇ ਕਤਲ ਦੀਆਂ ਕੁਝ ਸਾਜ਼ਿਸ਼ਾਂ ਨੂੰ ਨਾਕਾਮ ਵੀ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਕੈਨੇਡਾ ਅਜਿਹੇ ਮਾਮਲਿਆਂ ਨੂੰ ਆਪਣੀ ਪ੍ਰਭੂਸੱਤਾ ਤੇ ਲੋਕਤੰਤਰੀ ਕਦਰਾਂ-ਕੀਮਤਾਂ ਲਈ ਚੁਣੌਤੀ ਮੰਨਦੇ ਹਨ ਤੇ ਇਸ ਨੂੰ ਜਨਤਕ ਕਰ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਬਰਤਾਨਵੀ ਸਿੱਖਾਂ ਨੂੰ ਇਸੇ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ?
ਸੰਸਦ ਵਿੱਚ ਗ੍ਰਹਿ ਦਫ਼ਤਰ ਦੇ ਇੱਕ ਪ੍ਰਸ਼ਨ ਸੈਸ਼ਨ ਦੌਰਾਨ ਜਵਾਬ ਦਿੰਦੇ ਹੋਏ, ਸੁਰੱਖਿਆ ਮੰਤਰੀ ਟੌਮ ਤੁਗੇਂਦਟ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਯੂਕੇ ਵਿੱਚ ਵਿਅਕਤੀਗਤ ਅਧਿਕਾਰਾਂ ਤੇ ਆਜ਼ਾਦੀ ਤੇ ਸੁਰੱਖਿਆ ਲਈ ਸੰਭਾਵੀ ਖਤਰਿਆਂ ਦਾ ਲਗਾਤਾਰ ਮੁਲਾਂਕਣ ਕਰ ਰਿਹਾ ਹੈ। ਜੇਕਰ ਕਿਸੇ ਵਿਦੇਸ਼ੀ ਤੋਂ ਕਿਸੇ ਬ੍ਰਿਟਿਸ਼ ਨਾਗਰਿਕ ਨੂੰ ਕੋਈ ਖਤਰਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ।
ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਹਰ ਹੋਰ ਭਾਈਚਾਰੇ ਵਾਂਗ ਬਰਤਾਨੀਆ ਵਿੱਚ ਸੁਰੱਖਿਅਤ ਰਹਿਣ ਦਾ ਹੱਕ ਹੈ। ਸਾਰੇ ਬ੍ਰਿਟਿਸ਼ ਨਾਗਰਿਕ ਬਰਾਬਰ ਹਨ, ਭਾਵੇਂ ਉਨ੍ਹਾਂ ਦਾ ਰੰਗ, ਧਰਮ, ਵਿਸ਼ਵਾਸ ਜਾਂ ਰਾਜਨੀਤਕ ਨਿਸ਼ਠਾ ਕੁਝ ਵੀ ਹੋਵੇ। ਅਸਲੀਅਤ ਇਹ ਹੈ ਕਿ ਅਸੀਂ ਉਹ ਸਾਰੀ ਕਾਰਵਾਈ ਕੀਤੀ ਜੋ ਅਸੀਂ ਇਸ ਪੜਾਅ 'ਤੇ ਉਚਿਤ ਮਹਿਸੂਸ ਕਰਦੇ ਹਾਂ।
ਉਨ੍ਹਾਂ ਕਿਹਾ, "ਅਸੀਂ ਯਕੀਨੀ ਤੌਰ 'ਤੇ ਆਪਣੇ ਫਾਈਵ ਆਈਜ਼ ਭਾਈਵਾਲਾਂ ਨਾਲ ਬਹੁਤ ਨਜ਼ਦੀਕੀ ਸਬੰਧ ਬਣਾਈ ਰੱਖਦੇ ਹਾਂ ਤੇ ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਜੇਕਰ ਸਥਿਤੀ ਬਦਲਦੀ ਹੈ ਤੇ ਸਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਅਸੀਂ ਅਜਿਹਾ ਹੀ ਕਰਾਂਗੇ।"