ਗਊ ਦਾ ਗੋਬਰ ਜਾਂ ਪਾਥੀਆਂ ਲਿਆਉਣ ਵਾਲੇ ਹਵਾਈ ਯਾਤਰੀਆਂ ਨੂੰ ਅਮਰੀਕਾ ਦੀ ਚੇਤਾਵਨੀ
ਅਮਰੀਕੀ ਅਧਿਕਾਰੀਆਂ ਨੇ ਸਾਵਧਾਨ ਕੀਤਾ ਕਿ ਕਿਵੇਂ ਗਊ ਦਾ ਗੋਬਰ ‘ਮੂੰਹ ਤੇ ਖੁਰ’ ਰੋਗ (FMD ਫ਼ੁੱਟ ਐਂਡ ਮਾਊਥ ਡਿਜ਼ੀਜ਼) ਦੇ ਟ੍ਰਾਂਸਮਿਸ਼ਨ ਦਾ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ‘ਮੂੰਹ ਤੇ ਖੁਰ’ ਦਾ ਰੋਗ ਦੁਨੀਆ ਭਰ ’ਚ ਮੌਜੂਦ ਹੈ ਤੇ ਪਸ਼ੂਆਂ ਰਾਹੀਂ ਤੇਜ਼ੀ ਨਾਲ ਫੈਲਦਾ ਹੈ।
ਵਾਸ਼ਿੰਗਟਨ: ਅਮਰੀਕਾ ਨੇ ਹਵਾਈ ਯਾਤਰੀਆਂ ਨੂੰ ਆਪਣੇ ਸਾਮਾਨ ’ਚ ਗਊ ਦਾ ਗੋਬਰ ਜਾਂ ਪਾਥੀਆਂ ਲਿਜਾਣ ਬਾਰੇ ਇੱਕ ਅਣਕਿਆਸਾ ਐਲਾਨ ਕੀਤਾ ਹੈ। ਕਸਟਮ ਡਿਊਟੀ ਤੇ ਸੀਮਾ ਸੁਰੱਖਿਆ ਏਜੰਸੀ ਨੇ ਸੋਮਵਾਰ ਨੂੰ ਸਾਮਾਨ ’ਚ ਗੋਬਰ ਲਿਜਾਣ ਕਾਰਣ ਹੋਣ ਵਾਲੇ ਸਿਹਤ ਖ਼ਤਰੇ ਵਿਰੁੱਧ ਚੇਤਾਵਨੀ ਦਿੱਤੀ। ਪਿਛਲੇ ਮਹੀਨੇ ਅਧਿਕਾਰੀਆਂ ਨੇ ਏਅਰ ਇੰਡੀਆ ਦੀ ਉਡਾਣ ’ਚ ਪਿੱਛੇ ਰਹਿ ਗਈਆਂ ਦੋ ਪਾਥੀਆਂ ਮਿਲਣ ਨਾਲ ਸਨਸਨੀ ਫੈਲ ਗਈ ਸੀ। ਗਊ ਦੇ ਗੋਬਰ ਨਾਲ ਭਰਿਆ ਸਾਮਾਨ ਵਾਸ਼ਿੰਗਟਨ ਡੈਲੇਸ ਕੌਮਾਂਤਰੀ ਹਵਾਈ ਅੱਡੇ ਉੱਤੇ ਪਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪਾਥੀਆਂ ਨੂੰ ਉਸ ਦੇ ਖੇਤੀ ਮਾਹਿਰਾਂ ਨੇ ਨਸ਼ਟ ਕਰ ਦਿੱਤਾ ਸੀ। ਗਊ ਦਾ ਗੋਬਰ ਭਾਰਤ ਤੋਂ ਅਮਰੀਕਾ ਲਿਜਾਣ ਵਾਲੇ ਪਾਬੰਦੀਸ਼ੁਦਾ ਸਾਮਾਨਾਂ ਦੀ ਸੂਚੀ ’ਚ ਸ਼ਾਮਲ ਹੈ। ਅਮਰੀਕੀ ਅਧਿਕਾਰੀਆਂ ਨੇ ਸਾਵਧਾਨ ਕੀਤਾ ਕਿ ਕਿਵੇਂ ਗਊ ਦਾ ਗੋਬਰ ‘ਮੂੰਹ ਤੇ ਖੁਰ’ ਰੋਗ (FMD ਫ਼ੁੱਟ ਐਂਡ ਮਾਊਥ ਡਿਜ਼ੀਜ਼) ਦੇ ਟ੍ਰਾਂਸਮਿਸ਼ਨ ਦਾ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ‘ਮੂੰਹ ਤੇ ਖੁਰ’ ਦਾ ਰੋਗ ਦੁਨੀਆ ਭਰ ’ਚ ਮੌਜੂਦ ਹੈ ਤੇ ਪਸ਼ੂਆਂ ਰਾਹੀਂ ਤੇਜ਼ੀ ਨਾਲ ਫੈਲਦਾ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ‘ਮੂੰਹ ਤੇ ਖੁਰ ਰੋਗ’ ਅਮਰੀਕਾ ਵਿੱਚ ਮੁੜ ਸ਼ੁਰੂ ਹੋ ਸਕਦਾ ਹੈ। ਗ਼ੌਰਤਲਬ ਹੈ ਕਿ ਅਮਰੀਕਾ 1929 ਤੋਂ ਇਸ ਰੋਗ ਤੋਂ ਮੁਕਤ ਹੈ। ਸੋਮਵਾਰ ਨੂੰ ਜਾਰੀ ਇੱਕ ਪ੍ਰੈੱਸ ਬਿਆਨ ’ਚ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੂੰਹ ਤੇ ਖੁਰ ਰੋਗ ਪਸ਼ੂਆਂ ਨੂੰ ਵੱਡੇ ਪੱਧਰ ਉੱਤੇ ਹੋਣ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ, ਜਿਸ ਤੋਂ ਪਸ਼ੂ ਪਾਲਕ ਸਭ ਤੋਂ ਵੱਧ ਡਰਦੇ ਹਨ।
ਇਸ ਰੋਗ ਕਾਰਣ ਪਸ਼ੂ ਪਾਲਕਾਂ ਦਾ ਡਾਢਾ ਆਰਥਿਕ ਨੁਕਸਾਨ ਹੁੰਦਾ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗ਼ਲਤੀ ਨਾਲ ਦੋਬਾਰਾ ਇਸ ਬੀਮਾਰੀ ਦੇ ਆਉਣ ਦੀ ਹਾਲਤ ਵਿੱਚ ਇਹ ਰੋਗ ਕੌਮਾਂਤਰੀ ਪਸ਼ੂ ਧਨ ਉੱਤੇ ਕਹਿਰ ਵਰਤਾ ਸਕਦਾ ਹੈ। ਉਨ੍ਹਾਂ ਨੂੰ ਡਰ ਹੈ ਕਿ ‘ਮੂੰਹ ਤੇ ਖੁਰ ਰੋਗ’ ਦਾ ਇੱਕ ਸਿੰਗਲ ਮਾਮਲਾ ਸਾਹਮਣੇ ਆਉਣ ’ਤੇ ਵੀ ਪਸ਼ੂਆਂ ਦੇ ਕੌਮਾਂਤਰੀ ਵਪਾਰ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਗਊ ਦਾ ਗੋਬਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਖਾਣਾ ਪਕਾਉਣ ਦੇ ਈਂਧਨ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਗਊ ਦਾ ਗੋਬਰ ਸਸਤਾ ਤੇ ਪ੍ਰਭਾਵੀ ਖਾਦ ਵੀ ਹੁੰਦਾ ਹੈ।