US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੀ 'ਜੰਗ'! ਚੀਨ ਬੋਲਿਆ...ਆ ਜਾਓ ਮੈਦਾਨ 'ਚ ਅਸੀਂ ਤਿਆਰ-ਬਰ-ਤਿਆਰ
US-China Trade War: ਅਮਰੀਕਾ ਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਵੱਲੋਂ ਲਾਏ ਟੈਰਿਫ ਮਗਰੋਂ ਚੀਨ ਨੇ ਜਵਾਬੀ ਹਮਲਾ ਬੋਲਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਟੈਰਿਫ ਜੰਗ ਤੇਜ਼ ਹੋ ਗਈ ਹੈ।

US-China Trade War: ਅਮਰੀਕਾ ਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਵੱਲੋਂ ਲਾਏ ਟੈਰਿਫ ਮਗਰੋਂ ਚੀਨ ਨੇ ਜਵਾਬੀ ਹਮਲਾ ਬੋਲਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਟੈਰਿਫ ਜੰਗ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 50% ਹੋਰ ਟੈਰਿਫ ਲਾਉਣ ਦੀ ਧਮਕੀ ਦਾ ਜਵਾਬ ਦਿੰਦਿਆਂ ਚੀਨ ਨੇ ਕਿਹਾ ਕਿ ਆ ਜਾਓ ਮੈਦਾਨ ਵਿੱਚ, ਅਸੀਂ ਤਿਆਰ ਹਾਂ। ਚੀਨ ਨੇ ਕਿਹਾ ਹੈ ਕਿ ਅਮਰੀਕਾ ਇੱਕ ਤੋਂ ਬਾਅਦ ਇੱਕ ਗਲਤੀ ਕਰ ਰਿਹਾ ਹੈ ਪਰ ਅਸੀਂ ਵੀ ਪੂਰੀ ਤਰਾਂ ਤਿਆਰ ਹਾਂ।
ਦਰਅਸਲ ਚੀਨ ਤੇ ਅਮਰੀਕਾ ਵਿਚਾਲੇ ਟੈਰਿਫ ਨੂੰ ਲੈ ਕੇ ਵਪਾਰ ਯੁੱਧ ਦੀ ਸੰਭਾਵਨਾ ਵੱਧ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਜੇਕਰ ਚੀਨ ਅਮਰੀਕਾ 'ਤੇ ਲਾਇਆ ਗਿਆ 34% ਟੈਰਿਫ ਵਾਪਸ ਨਹੀਂ ਲੈਂਦਾ ਤਾਂ ਬੁੱਧਵਾਰ ਤੋਂ ਉਸ 'ਤੇ 50% ਹੋਰ ਟੈਰਿਫ ਲਾਇਆ ਜਾਵੇਗਾ। ਇਸ ਬਾਰੇ ਚੀਨ ਨੇ ਕਿਹਾ ਹੈ ਕਿ ਅਮਰੀਕਾ ਸਾਡੇ 'ਤੇ ਲਾਏ ਗਏ ਟੈਰਿਫ ਨੂੰ ਹੋਰ ਵਧਾਉਣ ਦੀ ਧਮਕੀ ਦੇ ਕੇ ਇੱਕ ਤੋਂ ਬਾਅਦ ਇੱਕ ਗਲਤੀਆਂ ਕਰ ਰਿਹਾ ਹੈ। ਇਹ ਧਮਕੀ ਅਮਰੀਕਾ ਦੇ ਬਲੈਕਮੇਲਿੰਗ ਰਵੱਈਏ ਨੂੰ ਪ੍ਰਗਟ ਕਰਦੀ ਹੈ। ਚੀਨ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਜੇਕਰ ਅਮਰੀਕਾ ਆਪਣੇ ਹਿਸਾਬ ਨਾਲ ਚੱਲ਼ਣ ਦੀ ਜਿੱਦ ਕਰੇਗਾ ਤਾਂ ਚੀਨ ਵੀ ਅੰਤ ਤੱਕ ਲੜਨ ਲਈ ਤਿਆਰ ਹੈ।
ਦੱਸ ਦਈਏ ਕਿ ਐਤਵਾਰ ਨੂੰ ਚੀਨ ਨੇ ਪੂਰੀ ਦੁਨੀਆ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ 'ਜੇਕਰ ਵਪਾਰ ਯੁੱਧ ਹੁੰਦਾ ਹੈ ਤਾਂ ਚੀਨ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਵਿੱਚੋਂ ਹੋਰ ਵੀ ਮਜ਼ਬੂਤੀ ਨਾਲ ਉਭਰੇਗਾ।' ਚੀਨੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ, ਪੀਪਲਜ਼ ਡੇਲੀ ਨੇ ਐਤਵਾਰ ਨੂੰ ਇੱਕ ਟਿੱਪਣੀ ਵਿੱਚ ਲਿਖਿਆ: "ਅਮਰੀਕੀ ਟੈਰਿਫਾਂ ਦਾ ਪ੍ਰਭਾਵ ਤਾਂ ਜ਼ਰੂਰ ਪਵੇਗਾ, ਪਰ 'ਅਸਮਾਨ ਨਹੀਂ ਡਿੱਗ ਚੱਲਾ।" ਇਸ ਵਿੱਚ ਇਹ ਵੀ ਕਿਹਾ ਗਿਆ ਕਿ 2017 ਵਿੱਚ ਪਹਿਲੀ ਵਪਾਰ ਜੰਗ ਦੀ ਸ਼ੁਰੂਆਤ ਤੋਂ ਬਾਅਦ, ਅਮਰੀਕਾ ਨੇ ਕਿੰਨਾ ਵੀ ਦਬਾਅ ਪਾਇਆ ਹੋਵੇ, ਅਸੀਂ ਵਿਕਾਸ ਕਰਨਾ ਤੇ ਅੱਗੇ ਵਧਣਾ ਜਾਰੀ ਰੱਖਿਆ ਹੈ। ਅਸੀਂ ਲਚਕੀਲਾਪਣ ਦਿਖਾਇਆ ਹੈ। ਜਿੰਨਾ ਜ਼ਿਆਦਾ ਦਬਾਅ ਅਸੀਂ ਝੱਲਦੇ ਹਾਂ, ਓਨੇ ਹੀ ਮਜ਼ਬੂਤ ਬਣਦੇ ਹਾਂ।
ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ "ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਤੇ ਖਪਤਕਾਰ ਬਾਜ਼ਾਰ ਹੋਣ ਦੇ ਨਾਤੇ, ਚੀਨ ਬਦਲਦੇ ਅੰਤਰਰਾਸ਼ਟਰੀ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ ਦੁਨੀਆ ਲਈ ਆਪਣੇ ਦਰਵਾਜ਼ੇ ਖੋਲ੍ਹਦਾ ਰਹੇਗਾ।" ਚੀਨ ਦੇ ਵਣਜ ਮੰਤਰਾਲੇ ਦੇ ਉਪ ਮੰਤਰੀ ਲਿੰਗ ਜੀ ਨੇ ਐਤਵਾਰ ਨੂੰ ਅਮਰੀਕੀ ਫੰਡਿੰਗ ਪ੍ਰਾਪਤ ਕਰਨ ਵਾਲੀਆਂ 20 ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿੱਚ ਟੇਸਲਾ ਤੇ ਜੀਈ ਹੈਲਥਕੇਅਰ ਵਰਗੀਆਂ ਵੱਡੀਆਂ ਕੰਪਨੀਆਂ ਵੀ ਸ਼ਾਮਲ ਸਨ। ਲਿੰਗ ਨੇ ਚੀਨ ਨੂੰ ਨਿਵੇਸ਼ ਲਈ ਇੱਕ "ਆਦਰਸ਼, ਸੁਰੱਖਿਅਤ ਤੇ ਸੰਭਾਵਨਾਵਾਂ ਨਾਲ ਭਰਪੂਰ" ਸਥਾਨ ਦੱਸਿਆ।
ਦਰਅਸਲ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ "ਮੈਂ ਚੇਤਾਵਨੀ ਦਿੱਤੀ ਸੀ ਕਿ ਜੋ ਵੀ ਦੇਸ਼ ਅਮਰੀਕਾ ਵਿਰੁੱਧ ਬਦਲੇ ਦੀ ਕਾਰਵਾਈ ਕਰੇਗਾ, ਉਸ ਨੂੰ ਤੁਰੰਤ ਨਵੇਂ ਤੇ ਪਹਿਲਾਂ ਨਿਰਧਾਰਤ ਕੀਤੇ ਗਏ ਟੈਰਿਫਾਂ ਨਾਲੋਂ ਕਿਤੇ ਜ਼ਿਆਦਾ ਟੈਰਿਫਾਂ ਦਾ ਸਾਹਮਣਾ ਕਰਨਾ ਪਵੇਗਾ।" ਇਸ ਤੋਂ ਇਲਾਵਾ ਚੀਨ ਨਾਲ ਸਾਡੀਆਂ ਨਿਰਧਾਰਤ ਮੀਟਿੰਗਾਂ ਨੂੰ ਰੋਕ ਦਿੱਤਾ ਜਾਵੇਗਾ ਤੇ ਹੋਰ ਦੇਸ਼ਾਂ ਨਾਲ ਗੱਲਬਾਤ ਤੁਰੰਤ ਸ਼ੁਰੂ ਕੀਤੀ ਜਾਵੇਗੀ ਜਿਨ੍ਹਾਂ ਨੇ ਮੀਟਿੰਗਾਂ ਦੀ ਬੇਨਤੀ ਕੀਤੀ ਹੈ।






















