(Source: ECI | ABP NEWS)
ਅਮਰੀਕਾ ਦੇ ਟੈਰਿਫ ਕਾਰਨ ਦੁਨੀਆ ਭਰ ਦੇ ਦੇਸ਼ਾਂ 'ਚ ਹਲਚਲ! 50 ਤੋਂ ਵੱਧ ਮੁਲਕ US ਨਾਲ ਕਰਨਾ ਚਾਹੁੰਦੇ ਨੇ ਗੱਲਬਾਤ, ਟਰੰਪ ਸਰਕਾਰ ਦਾ ਦਾਅਵਾ
ਪਿਛਲੇ ਹਫਤੇ ਟਰੰਪ ਵੱਲੋਂ ਟੈਰਿਫ ਨੀਤੀ ਦਾ ਐਲਾਨ ਕਰਦੇ ਹੀ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਹਿੱਲ ਗਈਆਂ। ਜਿਸ ਦਾ ਅਸਰ ਸ਼ੇਅਰ ਮਾਰਕੀਟ ਉੱਤੇ ਦੇਖਣ ਨੂੰ ਮਿਲ ਰਿਹਾ ਹੈ।

Trump Tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਉਣ ਦੀ ਘੋਸ਼ਣਾ ਤੋਂ ਬਾਅਦ ਹੁਣ ਦੁਨੀਆ ਦੇ 50 ਤੋਂ ਵੱਧ ਦੇਸ਼ ਅਮਰੀਕਾ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਵਪਾਰ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਸੋਮਵਾਰ ਨੂੰ ਵ੍ਹਾਈਟ ਹਾਊਸ ਪਹੁੰਚ ਰਹੇ ਹਨ, ਜਿੱਥੇ ਉਹ ਇਨ੍ਹਾਂ ਨਵੇਂ ਟੈਰਿਫ ਬਾਰੇ ਚਰਚਾ ਕਰਨਗੇ। ਜਪਾਨ ਵੀ ਜਲਦੀ ਹੀ ਰਾਸ਼ਟਰਪਤੀ ਟਰੰਪ ਨਾਲ ਸੰਪਰਕ ਕਰਨ ਵਾਲਾ ਹੈ।
ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ "ਜ਼ੀਰੋ ਟੈਰਿਫ" ਨੂੰ ਆਧਾਰ ਬਣਾਕੇ ਵਪਾਰ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ। ਨਾਲ ਹੀ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਤਾਈਵਾਨ ਦੀਆਂ ਕੰਪਨੀਆਂ ਅਮਰੀਕਾ ਵਿੱਚ ਆਪਣਾ ਨਿਵੇਸ਼ ਵਧਾਉਣਗੀਆਂ। ਅਮਰੀਕੀ ਰਾਸ਼ਟਰੀ ਆਰਥਿਕ ਕੌਂਸਲ ਦੇ ਡਾਇਰੈਕਟਰ ਕੇਵਿਨ ਹੈਸੇਟ ਨੇ ਟਰੰਪ ਦੀ ਟੈਰਿਫ ਨੀਤੀ ਦਾ ਬਚਾਅ ਕੀਤਾ ਤੇ ਉਸਨੂੰ ਠੀਕ ਦੱਸਿਆ।
ਟਰੰਪ ਨੇ ਕਿਹਾ ਇਹ ਗੱਲ
ਐਅਰ ਫੋਰਸ ਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ ਦੀ ਕੋਈ ਚਿੰਤਾ ਨਹੀਂ ਹੈ। ਹੁਣ ਤਕ ਅਮਰੀਕੀ ਸ਼ੇਅਰ ਬਾਜ਼ਾਰ 'ਚ ਲਗਭਗ 6 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ, ਪਰ ਟਰੰਪ ਨੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਜਾਹਿਰ ਨਹੀਂ ਕੀਤੀ। ਟਰੰਪ ਨੇ ਕਿਹਾ, "ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਪਰੇਸ਼ਾਨੀ ਹੋਵੇ, ਪਰ ਕਈ ਵਾਰ ਕਿਸੇ ਚੀਜ਼ ਨੂੰ ਠੀਕ ਕਰਨ ਲਈ ਦਵਾਈ ਲੈਣੀ ਪੈਂਦੀ ਹੈ।"
ਉਨ੍ਹਾਂ ਦੱਸਿਆ ਕਿ ਹਫਤੇ ਦੌਰਾਨ ਉਨ੍ਹਾਂ ਯੂਰਪ ਅਤੇ ਏਸ਼ੀਆ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਇਹ ਨੇਤਾ ਕੋਸ਼ਿਸ਼ ਕਰ ਰਹੇ ਹਨ ਕਿ ਟਰੰਪ ਇਸ ਹਫਤੇ ਲਾਗੂ ਹੋਣ ਵਾਲੇ ਟੈਰਿਫ ਨੂੰ 50% ਤੱਕ ਘਟਾ ਦੇਣ।
ਟਰੰਪ ਨੇ ਸਾਫ ਕਿਹਾ, "ਹੁਣ ਉਹ ਗੱਲਬਾਤ ਕਰਨਾ ਚਾਹੁੰਦੇ ਹਨ, ਪਰ ਜਦ ਤੱਕ ਉਹ ਸਾਨੂੰ ਹਰ ਸਾਲ ਬਹੁਤ ਸਾਰਾ ਪੈਸਾ ਨਹੀਂ ਦੇਂਦੇ, ਤਦ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ।"
ਪਿਛਲੇ ਹਫਤੇ ਟਰੰਪ ਵੱਲੋਂ ਟੈਰਿਫ ਨੀਤੀ ਦਾ ਐਲਾਨ ਕਰਦੇ ਹੀ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਹਿੱਲ ਗਈਆਂ। ਚੀਨ ਨੇ ਵੀ ਇਸਦਾ ਜਵਾਬ ਦੇਂਦਿਆਂ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਗਲੋਬਲ ਪੱਧਰ 'ਤੇ ਵਪਾਰ ਜੰਗ ਅਤੇ ਮੰਦੀਂ ਦੇ ਖਤਰੇ ਵਧ ਗਏ ਹਨ।
ਵੱਧ ਰਿਹਾ ਹੈ ਟਰੇਡ ਵਾਰ ਦਾ ਖ਼ਤਰਾ
ਪਿਛਲੇ ਹਫ਼ਤੇ ਟਰੰਪ ਵੱਲੋਂ ਟੈਰਿਫ ਦਾ ਐਲਾਨ ਕਰਕੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਚੀਨ ਨੇ ਵੀ ਜਵਾਬ ਵਿੱਚ ਆਪਣੇ ਟੈਰਿਫ ਲਗਾ ਦਿੱਤੇ, ਜਿਸ ਨਾਲ ਗਲੋਬਲ ਵਪਾਰ ਜੰਗ ਅਤੇ ਆਰਥਿਕ ਮੰਦੀਂ ਦੀ ਆਸ਼ੰਕਾ ਹੋਰ ਵਧ ਗਈ ਹੈ।
ਹੁਣ ਨਿਵੇਸ਼ਕਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਟਰੰਪ ਦੇ ਟੈਰਿਫ ਲੰਬੇ ਸਮੇਂ ਲਈ ਹਨ, ਜਾਂ ਇਹ ਕਿਸੇ ਨਵੀਂ ਵਿਵਸਥਾ ਦਾ ਹਿੱਸਾ ਹਨ, ਜਾਂ ਸਿਰਫ਼ ਹੋਰ ਮੁਲਕਾਂ ਤੋਂ ਛੋਟ ਲੈਣ ਲਈ ਇੱਕ ਰਣਨੀਤਕ ਚਾਲ ਹੈ।
ਐਤਵਾਰ ਸਵੇਰੇ ਟੀਵੀ 'ਤੇ ਆਏ ਟਾਕ ਸ਼ੋਜ਼ ਦੌਰਾਨ ਟਰੰਪ ਦੇ ਮੁੱਖ ਆਰਥਿਕ ਸਲਾਹਕਾਰਾਂ ਨੇ ਇਹ ਟੈਰਿਫ ਇਸ ਤਰ੍ਹਾਂ ਪੇਸ਼ ਕੀਤੇ ਜਿਵੇਂ ਇਹ ਅਮਰੀਕਾ ਨੂੰ ਦੁਬਾਰਾ ਗਲੋਬਲ ਵਪਾਰ 'ਚ ਮਜ਼ਬੂਤ ਬਣਾਉਣ ਲਈ ਸੋਚ-ਸਮਝ ਕੇ ਬਣਾਈ ਗਈ ਨੀਤੀ ਹੋਵੇ।






















