ਯੋਗ ਭਾਰਤੀਆਂ ਲਈ ਅਮਰੀਕਾ ਦੇ ਬੂਹੇ ਖੁੱਲ੍ਹੇ
ਮੁੰਬਈ: ਇੱਕ ਪਾਸੇ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਸ਼ਰਤਾਂ ਸਖ਼ਤ ਕਰ ਰਿਹਾ ਹੈ ਤੇ ਦੂਜੇ ਪਾਸੇ ਮੁੰਬਈ ਪਹੁੰਚੇ ਅਮਰੀਕਾ ਦੇ ਕੌਂਸਲ ਜਨਰਲ ਐਡਗਾਰਡ ਕਾਗਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਯੋਗ ਭਾਰਤੀਆਂ ਦਾ ਸੁਆਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਟਰੰਪ ਭਾਰਤ ਨਾਲ ਚੰਗੇ ਸਬੰਧਾਂ ਨੂੰ ਲੈ ਕੇ ਵਚਨਬੱਧ ਹਨ। ਕਾਗਨ ਨੇ ਕਿਹਾ ਕਿ ਪਿਛਲੇ ਸਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਇਸ ਗੱਲੋਂ ਜਾਣੂ ਹਨ ਕਿ ਅਮਰੀਕਾ ਉਨ੍ਹਾਂ ਦਾ ਸੁਆਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀਆਂ ਨੂੰ ਅਮਰੀਕਾ 'ਚ ਪੜ੍ਹਾਈ ਲਈ ਉਤਸ਼ਾਹਤ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀ ਅਮਰੀਕਾ ਤੇ ਅਮਰੀਕੀ ਵਿਦਿਆਰਥੀ ਭਾਰਤ 'ਚ ਪੜ੍ਹਾਈ ਕਰਨਗੇ ਤਾਂ ਦੋਵਾਂ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਭਾਰਤੀਆਂ ਲਈ ਅਮਰੀਕਾ 'ਚ ਵਿਸ਼ੇਸ਼ ਮੌਕੇ ਹਨ। ਕਾਗਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਤੋਂ ਹੀ ਭਾਰਤ ਨਾਲ ਰਿਸ਼ਤੇ ਹੋਰ ਮਜਬੂਤ ਕਰਨ ਵੱਲ ਧਿਆਨ ਦਿੱਤਾ ਹੈ ਤੇ ਵਪਾਰ ਤੇ ਨਿਵੇਸ਼ ਇਸ 'ਚ ਹੋਰ ਵਾਧਾ ਕਰੇਗਾ। ਉਨ੍ਹਾ ਕਿਹਾ ਕਿ ਨਿਵੇਸ਼ ਕਰਨ ਵਾਲੇ ਭਾਰਤੀਆਂ ਦਾ ਅਮਰੀਕਾ ਸੁਆਗਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਅਮਰੀਕਾ ਇਕ ਢਾਂਚਾਗਤ ਨੀਤੀ ਤਿਆਰ ਕਰਨਾ ਚਾਹੁੰਦਾ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧਾਂ ਲਈ ਕਰਾਗਰ ਸਾਬਿਤ ਹੋਵੇ। ਉਨ੍ਹਾਂ ਕਿਹਾ ਕਿ ਪੜ੍ਹਾਈ, ਯਾਤਰਾ ਤੇ ਵਪਾਰ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਆਪਸ 'ਚ ਸਮਝਣ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਵਿੱਦਿਅਕ ਅਦਾਰਿਆਂ ਤੇ ਬਿਜ਼ਨਸ 'ਚ ਸਹਿਯੋਗ ਵਧਾਉਣ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਕਿਉਂਕਿ ਦੋਵੇਂ ਮੁਲਕਾਂ ਲਈ ਇਹ ਮਹੱਤਵਪੂਰਨ ਹਨ।
ਅਮਰੀਕਾ ਵੱਲੋਂ ਵਾਤਾਵਰਣ ਸਬੰਧੀ ਪੈਰਿਸ ਨਾਲ ਹੋਇਆ ਸਮਝੌਤਾ ਵਾਪਸ ਲੈਣ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਨਾਲ ਨਾਲ ਵਿਸ਼ਵ 'ਚ ਵਾਤਾਵਰਣ ਸੁਰੱਖਿਆ ਪ੍ਰਤੀ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਪੈਰਿਸ ਵਾਤਾਵਰਣ ਤਬਦੀਲੀ ਸਬੰਧੀ ਹੋਇਆ ਸਮਝੌਤਾ ਵਾਪਸ ਲੈ ਲਿਆ ਸੀ ਜਿਸਨੂੰ 190 ਤੋਂ ਵੱਧ ਦੇਸ਼ਾਂ ਦੀ ਸਹਿਮਤੀ ਸੀ।