Virtual Democracy Summit: ਲੋਕਤੰਤਰ 'ਤੇ ਸੰਮੇਲਨ 'ਚੋਂ ਚੀਨ ਤੇ ਤੁਰਕੀ ਆਊਟ, ਅਮਰੀਕਾ ਨੇ ਤਾਈਵਾਨ ਸਮੇਤ 110 ਦੇਸ਼ਾਂ ਨੂੰ ਬੁਲਾਇਆ
Virtual Democracy Summit: ਮੀਟਿੰਗ 'ਚ ਬੁਲਾਏ ਗਏ ਲੋਕਾਂ ਦੀ ਸੂਚੀ ਮੁਤਾਕਬ, ਇਸ ਸੰਮੇਲਨ ਲਈ ਕੁੱਲ 110 ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।
ਵਾਸ਼ਿੰਗਟਨ: ਅਮਰੀਕਾ ਵੱਲੋਂ ਲੋਕਤੰਤਰ 'ਤੇ ਇੱਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਵਰਚੁਅਲ ਹੋਣਾ ਹੈ, ਜਿਸ 'ਚ ਦੁਨੀਆਂ ਦੇ ਕਰੀਬ 110 ਦੇਸ਼ਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਸੰਮੇਲਨ 9-10 ਦਸੰਬਰ ਨੂੰ ਹੋਣਾ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਸ ਸੰਮੇਲਨ ਲਈ ਸੱਦੇ ਗਏ ਮੈਂਬਰ ਦੇਸ਼ਾਂ ਦੀ ਸੂਚੀ ਮੁਤਾਬਕ ਇਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਤੇ ਤੁਰਕੀ ਨੂੰ ਇਸ 'ਚ ਸੱਦਾ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਤੁਰਕੀ ਨਾਟੋ ਸੰਗਠਨ ਦਾ ਮੈਂਬਰ ਦੇਸ਼ ਹੈ।
ਇਸ ਦੇ ਨਾਲ ਹੀ ਨਾਟੋ ਦੇ ਹੋਰ ਮੈਂਬਰ ਦੇਸ਼ਾਂ ਨੂੰ ਵੀ ਇਸ ਕਾਨਫਰੰਸ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਕਾਨਫ਼ਰੰਸ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਤਾਇਵਾਨ ਨੂੰ ਇੱਕ ਪੂਰੀ ਤਰ੍ਹਾਂ ਵੱਖਰੇ ਦੇਸ਼ ਵਾਂਗ ਇਸ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਅਮਰੀਕਾ ਤੇ ਤਾਈਵਾਨ ਵਿਚਾਲੇ ਵਧਦੀ ਨੇੜਤਾ ਕਾਰਨ ਚੀਨ ਨਾ ਸਿਰਫ਼ ਤਣਾਅ 'ਚ ਹੈ, ਸਗੋਂ ਪ੍ਰੇਸ਼ਾਨ ਵੀ ਹੈ। ਅਮਰੀਕਾ ਦਾ ਤਾਇਵਾਨ ਨਾਲ ਰੱਖਿਆ ਸਹਿਯੋਗ ਵੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਜੋ ਬਾਈਡੇਨ ਵਿਚਕਾਰ ਵਰਚੁਅਲ ਮੀਟਿੰਗ ਹੋਈ ਸੀ। ਇਸ ਮੁਲਾਕਾਤ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨਾ ਸੀ ਪਰ ਚੀਨ ਨੂੰ ਇਸ ਕਾਨਫਰੰਸ 'ਚ ਸੱਦਾ ਨਾ ਦੇਣ ਦਾ ਸਿੱਧਾ ਮਤਲਬ ਹੈ ਕਿ ਇਸ ਮੀਟਿੰਗ ਤੋਂ ਸਬੰਧ ਸੁਧਾਰਨ ਦਾ ਕੋਈ ਰਾਹ ਨਹੀਂ ਲੱਭਿਆ ਗਿਆ। ਇਹੀ ਕਾਰਨ ਹੈ ਕਿ ਅਮਰੀਕਾ ਨੇ ਇਸ 'ਚ ਚੀਨ ਨੂੰ ਸ਼ਾਮਲ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੀਨ ਅਤੇ ਤੁਰਕੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਰੂਸ ਨੇ ਆਪਣੀ ਐਸ-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਲਈ ਸਮਝੌਤਾ ਕੀਤਾ ਹੈ। ਰੂਸ ਇਸ ਮਿਜ਼ਾਈਲ ਸਿਸਟਮ ਦੀ ਡਿਲੀਵਰੀ ਪਹਿਲਾਂ ਹੀ ਚੀਨ ਨੂੰ ਦੇ ਚੁੱਕਾ ਹੈ, ਜਦਕਿ ਅਮਰੀਕਾ ਤੁਰਕੀ 'ਤੇ ਸਮਝੌਤੇ ਨੂੰ ਰੱਦ ਕਰਨ ਲਈ ਲਗਾਤਾਰ ਦਬਾਅ 'ਚ ਹੈ। ਹਾਲਾਂਕਿ ਇਸ ਮਿਜ਼ਾਈਲ 'ਤੇ ਭਾਰਤ ਦਾ ਵੀ ਸਮਝੌਤਾ ਹੋ ਚੁੱਕਾ ਹੈ ਤੇ ਇਸ ਦੀ ਡਿਲੀਵਰੀ ਅਗਲੇ ਮਹੀਨੇ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਭਾਰਤ ਨੂੰ ਵੀ ਇਸ ਕਾਨਫ਼ਰੰਸ 'ਚ ਸ਼ਾਮਲ ਕੀਤਾ ਗਿਆ ਹੈ।
ਇਸ ਸੰਮੇਲਨ 'ਚ ਚੀਨ ਨੂੰ ਸ਼ਾਮਲ ਨਾ ਕਰਨ ਦਾ ਇਕ ਹੋਰ ਕਾਰਨ ਦੱਖਣੀ ਚੀਨ ਸਾਗਰ 'ਤੇ ਤਣਾਅ ਹੈ। ਇਸ ਮੁੱਦੇ 'ਤੇ ਦੋਵੇਂ ਦੇਸ਼ ਕਈ ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਸ਼ਿਨਜਿਆਂਗ ਸੂਬੇ 'ਚ ਉਇਗਰਾਂ 'ਤੇ ਅੱਤਿਆਚਾਰ, ਹਾਂਗਕਾਂਗ ਤੇ ਤਾਈਵਾਨ ਨਾਲ ਚੀਨ ਦਾ ਤਣਾਅ ਵੀ ਹੈ।
ਇਹ ਵੀ ਪੜ੍ਹੋ: Cryptocurrency Market Down: ਕ੍ਰਿਪਟੋਕਰੰਸੀ 'ਤੇ ਪਾਬੰਦੀ ਬਾਰੇ ਬਿੱਲ ਦੀ ਚਰਚਾ ਮਗਰੋਂ ਕ੍ਰਿਪਟੋ ਬਾਜ਼ਾਰ 'ਚ ਵੱਡੀ ਗਿਰਾਵਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: