ਕੈਨੇਡਾ ਦੇ ਜੰਗਲਾਂ 'ਚ ਲੱਗੀ ਅੱਗ, ਐਮਰਜੈਂਸੀ ਐਲਾਨੀ
ਸਰੀ: ਬ੍ਰਿਟਿਸ਼ ਕੋਲੰਬੀਆ ਦੇ ਪੀਚਲੈਂਡ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ, ਅਤੇ ਸੈਂਟਰਲ ਓਕਾਨਾਗਨ ਵਿਚ ਕਈ ਜੰਗਲਾਂ 'ਚ ਅੱਗ ਲੱਗ ਚੁੱਕੀ ਹੈ ਤੇ ਉਹ ਅੱਗੇ ਵਧ ਰਹੀ ਹੈ। ਇਸ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਭਿਆਨਕ ਅੱਗ ਕਾਰਨ ਲੋਕਾਂ ਨੂੰ ਘਰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲਗਪਗ 2,000 ਲੋਕ ਇਸ ਨਾਜ਼ੁਕ ਸਥਿਤੀ ਨਾਲ ਨਜਿੱਠ ਰਹੇ ਹਨ। ਇਨ੍ਹਾਂ ਨੂੰ ਕਿਸੇ ਵੀ ਘੜੀ ਘਰ ਖਾਲੀ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪਿਛਲੇ ਇੱਕ ਦਿਨ ਵਿਚਾਲੇ ਮਾਉਂਟ ਇਨੀਅਸ ਇਲਾਕੇ ਦੀ ਅੱਗ 200 ਹੈਕਟੇਅਰ ਤੋਂ 1,000 ਹੈਕਟੇਅਰ ਵਿਚ ਫੈਲ ਗਈ ਹੈ।
ਪੀਚਲੈਂਡ ਅਤੇ ਸਮਰਲੈਂਡ ਇਲਾਕੇ 'ਚ ਵੀ ਦਰਜਨਾਂ ਪ੍ਰਾਪਰਟੀਜ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੱਛਮੀ ਕੈਲੋਨਾ ਵਿਚ ਲਾਅ ਕਰੀਕ ਇਲਾਕੇ ਵਿਚ ਲੱਗੀ ਅੱਗ ਵੀ ਵਧਦੀ ਜਾ ਰਹੀ ਹੈ। ਇਸ ਇਲਾਕੇ ਵਿਚ ਵੀ evacuation alert ਯਾਨੀ ਲੋਕਾਂ ਨੂੰ ਘਰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇੱਥੇ ਵੀ ਕਰੀਬ 500 ਲੋਕਾਂ ਦੇ ਪ੍ਰਭਾਵਿਤ ਹੋਣ ਦੀਆਂ ਖਬਰਾਂ ਹਨ। ਮੰਨਿਆ ਜਾ ਰਿਹਾ ਹੈ ਕਿ ਓਕਾਨਾਗਨ ਦੇ ਨਜ਼ਦੀਕੀ ਜੰਗਲਾਂ 'ਚ ਬਿਜਲੀ ਡਿੱਗਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਹਨ।