G-7 Summit: G-7 ਸੰਮੇਲਨ ਵਿਚਾਲੇ ਹੀ ਛੱਡ ਕੈਨੇਡਾ ਤੋਂ ਅਮਰੀਕਾ ਪਹੁੰਚੇ ਟਰੰਪ, ਬੋਲੇ ਹੁਣ...ਇਜ਼ਰਾਈਲ-ਈਰਾਨ ਦੀ ਜੰਗ ਤੋਂ ਵੀ ਵੱਡਾ ਮਸਲਾ ਆ ਗਿਆ
G-7 Summit: ਇਜ਼ਰਾਈਲ-ਈਰਾਨ ਤਣਾਅ ਦਾ ਪ੍ਰਭਾਵ ਕੈਨੇਡਾ ਦੇ ਅਲਬਰਟਾ ਰਾਜ ਦੇ ਕਨਾਨਾਸਕਿਸ ਵਿੱਚ ਚੱਲ ਰਹੇ G-7 ਸੰਮੇਲਨ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸੰਮੇਲਨ ਦੇ ਪਹਿਲੇ ਦਿਨ G7 ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ...

G-7 Summit: ਇਜ਼ਰਾਈਲ-ਈਰਾਨ ਤਣਾਅ ਦਾ ਪ੍ਰਭਾਵ ਕੈਨੇਡਾ ਦੇ ਅਲਬਰਟਾ ਰਾਜ ਦੇ ਕਨਾਨਾਸਕਿਸ ਵਿੱਚ ਚੱਲ ਰਹੇ G-7 ਸੰਮੇਲਨ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸੰਮੇਲਨ ਦੇ ਪਹਿਲੇ ਦਿਨ G7 ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ। ਮੰਗਲਵਾਰ ਸਵੇਰੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇਜ਼ਰਾਈਲ ਨੂੰ ਸਵੈ-ਰੱਖਿਆ ਦਾ ਅਧਿਕਾਰ ਹੈ। ਈਰਾਨ ਕੋਲ ਕਿਸੇ ਵੀ ਕੀਮਤ ਤੇ ਪ੍ਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਮੇਲਨ ਨੂੰ ਵਿਚਕਾਰ ਛੱਡ ਕੇ ਅਮਰੀਕਾ ਲਈ ਰਵਾਨਾ ਹੋ ਗਏ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਮੱਧ ਪੂਰਬ ਵਿੱਚ ਤਣਾਅ ਕਾਰਨ ਇਹ ਫੈਸਲਾ ਲਿਆ ਹੈ।
ਇਸ ਦੌਰਾਨ ਟਰੰਪ ਨੇ ਕਿਹਾ, 'ਮੈਂ ਜੰਗਬੰਦੀ ਲਈ ਵਾਸ਼ਿੰਗਟਨ ਵਾਪਸ ਨਹੀਂ ਆ ਰਿਹਾ। ਮਾਮਲਾ ਇਸ ਤੋਂ ਵੀ ਕਿਤੇ ਵੱਡਾ ਹੈ।' ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਈਰਾਨ ਨੂੰ ਪ੍ਰਮਾਣੂ 'ਸਮਝੌਤੇ' 'ਤੇ ਦਸਤਖਤ ਕਰਨੇ ਚਾਹੀਦੇ ਹਨ। ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਮੈਂ ਇਹ ਵਾਰ-ਵਾਰ ਕਿਹਾ ਹੈ। ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ। ਇਜ਼ਰਾਈਲ-ਈਰਾਨ ਵਿਚਲੇ ਤਣਾਅ ਤਿੱਖੀ ਜੰਗ ਦਾ ਰੂਪ ਲੈ ਰਿਹਾ ਹੈ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇੱਕ ਵਾਰ ਫਿਰ ਗਲਤ ਬਿਆਨ ਦਿੱਤਾ ਹੈ ਕਿ ਉਹ ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗਬੰਦੀ ਲਈ ਵਾਸ਼ਿੰਗਟਨ ਵਾਪਸ ਜਾ ਰਹੇ ਹਨ। ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ (ਮੈਕਰੋਨ) ਨੂੰ ਬਿਲਕੁਲ ਵੀ ਪਤਾ ਨਹੀਂ ਕਿ ਮੈਂ ਵਾਸ਼ਿੰਗਟਨ ਕਿਉਂ ਵਾਪਸ ਆ ਰਿਹਾ ਹਾਂ, ਪਰ ਇਹ ਯਕੀਨੀ ਤੌਰ 'ਤੇ ਕਿਸੇ ਜੰਗਬੰਦੀ ਨਾਲ ਸਬੰਧਤ ਨਹੀਂ। ਮਾਮਲਾ ਇਸ ਤੋਂ ਵੀ ਕਿਤੇ ਵੱਡਾ ਹੈ। ਜਾਣਬੁੱਝ ਕੇ ਜਾਂ ਅਣਜਾਣੇ ਵਿੱਚ, ਇਮੈਨੁਅਲ ਹਮੇਸ਼ਾ ਗਲਤ ਸਮਝਦਾ ਹੈ।
ਦੱਸ ਦਈਏ ਕਿ ਇਜ਼ਰਾਈਲ-ਈਰਾਨ ਟਕਰਾਅ ਨੂੰ ਰੋਕਣ ਲਈ G7 ਸੰਮੇਲਨ ਵਿੱਚ ਇੱਕ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਸੀ। ਕੈਨੇਡੀਅਨ ਨਿਊਜ਼ ਵੈੱਬਸਾਈਟ ਦਾ ਦਾਅਵਾ ਹੈ ਕਿ ਟਰੰਪ ਇਸ ਪ੍ਰਸਤਾਵ 'ਤੇ ਦਸਤਖਤ ਨਹੀਂ ਕਰਨਗੇ। ਦੂਜੇ ਪਾਸੇ ਟਰੰਪ ਨੇ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਈਰਾਨ ਇਹ ਜੰਗ ਹਾਰ ਰਿਹਾ ਹੈ। ਉਨ੍ਹਾਂ ਨੇ ਗੱਲ ਕਰਨ ਵਿੱਚ ਦੇਰ ਕਰ ਦਿੱਤੀ। ਸੰਮੇਲਨ ਵਿੱਚ ਹਿੱਸਾ ਲੈਣ ਆਏ ਡੋਨਾਲਡ ਟਰੰਪ ਨੇ ਆਪਣੇ ਕੋਟ 'ਤੇ ਅਮਰੀਕਾ ਤੇ ਕੈਨੇਡਾ ਦੇ ਝੰਡਿਆਂ ਵਾਲਾ ਪਿੰਨ ਲਾਇਆ ਸੀ।
ਦਰਅਸਲ ਟਰੰਪ ਕੈਨੇਡਾ ਨੂੰ 51ਵਾਂ ਰਾਜ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ, ਕੈਨੇਡਾ ਹਰ ਵਾਰ ਇਸ ਦਾ ਵਿਰੋਧ ਕਰਦਾ ਰਿਹਾ ਹੈ। ਸੰਮੇਲਨ ਤੋਂ ਪਹਿਲਾਂ, ਟਰੰਪ ਨੇ ਕਿਹਾ - G7 ਪਹਿਲਾਂ G8 ਹੁੰਦਾ ਸੀ। ਬਰਾਕ ਓਬਾਮਾ ਤੇ ਟਰੂਡੋ ਦੋ ਅਜਿਹੇ ਲੋਕ ਸਨ ਜੋ ਰੂਸ ਨੂੰ ਇਸ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸਨ ਤੇ ਮੈਂ ਕਹਾਂਗਾ ਕਿ ਇਹ ਇੱਕ ਗਲਤੀ ਸੀ।






















