ਪੜਚੋਲ ਕਰੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (31-08-2025)
ਸੋਰਠਿ ਮਃ ੩ ਦੁਤੁਕੇ ॥ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥

ਅੱਜ ਦਾ ਮੁੱਖਵਾਕ
Source : ABPLIVE AI
ਸੋਰਠਿ ਮਃ ੩ ਦੁਤੁਕੇ ॥
ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥ ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥ ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥ ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥ ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥
ਪਦਅਰਥ: ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਉਲਟੀ ਭਈ = (ਵਿਕਾਰਾਂ ਵਲੋਂ ਸੁਰਤਿ) ਹਟ ਜਾਂਦੀ ਹੈ, ਮੁੜ ਪੈਂਦੀ ਹੈ। ਜੀਵਤ ਮਰੈ = ਜੀਊਂਦਾ ਮਰ ਜਾਂਦਾ ਹੈ, ਦੁਨੀਆ ਦੀ ਕਿਰਤ ਕਰਦਾ ਹੀ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਬੂਝ = ਆਤਮਕ ਜੀਵਨ ਦੀ ਸਮਝ। ਸੋ ਗੁਰੂ ਸੋ ਸਿਖੁ = ਉਹ ਮਨੁੱਖ ਗੁਰੂ ਦਾ (ਅਸਲ) ਸਿੱਖ ਹੈ। ਜਿਸੁ ਜੋਤਿ = ਜਿਸ ਦੀ ਆਤਮਾ ਨੂੰ। ਜੋਤੀ ਮਿਲਾਇ = (ਗੁਰੂ) ਪਰਮਾਤਮਾ ਵਿਚ ਮਿਲਾ ਦੇਂਦਾ ਹੈ।੧।ਸੇਤੀ = ਨਾਲ। ਲਿਵ = ਲਗਨ। ਮਨ ਰੇ = ਹੇ ਮਨ! ਜਪਿ = ਜਪ ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਥਾਇ = ਥਾਂ ਵਿਚ, ਹਜ਼ੂਰੀ ਵਿਚ। ਹਰਿ ਥਾਇ = ਪ੍ਰਭੂ ਦੀ ਹਜ਼ੂਰੀ ਵਿਚ।ਰਹਾਉ।ਭਾਈ = ਹੇ ਭਾਈ! ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = ਪਿਆਰ ਵਿਚ। ਤੁਹ = ਦਾਣਿਆਂ ਉਪਰਲੇ ਸਿੱਕੜ। ਕੁਟਹਿ = ਕੁੱਟਦੇ ਹਨ।੨।ਮਨਿ = ਮਨ ਵਿਚ। ਰਵਿਆ = ਹਰ ਵੇਲੇ ਵੱਸਿਆ ਰਹਿੰਦਾ ਹੈ। ਪਿਆਰਿ = ਪਿਆਰ ਵਿਚ। ਰਵੈ = ਚੇਤੇ ਕਰਦਾ ਹੈ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਅਤੁੱਟ ਪਿਆਰ ਦੀ ਰਾਹੀਂ।੩।ਸੋ = ਉਹ ਮਨੁੱਖ। ਪਰਵਾਣੁ = ਕਬੂਲ। ਜਿ = ਜੇਹੜਾ। ਪਾਈਐ = ਪਾ ਲਈਦਾ ਹੈ।੪।
ਅਰਥ-ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ ॥੧॥ ਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ। ਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ ॥ ਰਹਾਉ ॥ ਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ (ਛਿਲੜ) ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ॥੨॥ ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ। ਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥ ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ। ਹੇ ਨਾਨਕ ਜੀ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ॥੪॥੮॥
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















