Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-02-2024)
ਗੂਜਰੀ ਮਹਲਾ ੪ ॥ ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥ ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
ਗੂਜਰੀ ਮਹਲਾ ੪ ॥ ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥ ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥ ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥ ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥ ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥ ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥ ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥
ਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਹਰਾਂ । ਹੇ ਮੇਰੇ ਮਨ! ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ (ਦੂਰ ਹੋ ਜਾਂਦੇ ਹਨ), (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ।੧। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ । ਮੈਂ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ । ਆਖ਼ਰ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਨਾਮ ਹੀ ਸੁਰਖ਼ਰੂ ਕਰਾਂਦਾ ਹੈ ।੧।ਰਹਾਉ। ਹੇ ਹਰੀ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਸਭਨਾਂ ਦਾ) ਮਾਲਕ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ । ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ । ਹੇ ਭਾਈ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ । ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ ।੨। ਹੇ ਭਾਈ! ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ । ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ ।੩। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ । ਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ ‘ਧੰਨ ਧੰਨ’ ਆਖਦਾ ਹੈ, ‘ਸਾਬਾਸ਼’ ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੪।੪।