(Source: ECI/ABP News/ABP Majha)
History of Akal Takht Sahib: ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ, ਜਾਣੋ ਇਤਿਹਾਸ ਤੇ ਕਿਵੇਂ ਹੁੰਦੇ ਹੁਕਮਨਾਮੇ ਜਾਰੀ
History of Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਲਈ ਉਹ ਪਵਿੱਤਰ ਅਸਥਾਨ ਹੈ ਜਿੱਥੇ ਕੌਮ ਦੇ ਨਾਮ ਸੰਦੇਸ਼ ਜਾਰੀ ਹੁੰਦੇ ਹਨ। ਹਰ ਗੁਰਸਿੱਖ ਉਸ ਸੰਦੇਸ਼ ਮੁਤਾਬਕ ਹੀ ਚੱਲਦਾ ਹੈ। ਸਮੇਂ ਸਮੇਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ...
History of Akal Takht Sahib Amritsar: ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਪਾਸ ਹੈ ਕਿ ਕੋਈ ਵੀ ਫਿਲਮ ਵਿੱਚ ਗੁਰੂ ਸਾਹਿਬਾਨਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਡੀਓ ਜਾਂ ਵੀਡੀਓ ਦੇ ਰੂਪ 'ਚ ਫਿਲਮਾਇਆ ਨਹੀਂ ਜਾ ਸਕਦਾ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖਾਂ ਦੇ ਸਮਾਜਿਕ ਤੇ ਧਾਰਮਿਕ ਮਸਲਿਆਂ ਨੂੰ ਧਿਆਨ 'ਚ ਰੱਖਦੇ ਹੁਕਮ ਜਾਰੀ ਕਰਦੇ ਹਨ।
ਜਿਹੜਾ ਸਿੰਘ ਬਜ਼ਰ ਗੁਨਾਹ ਕਰਦਾ ਹੈ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਉਸ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਜਥੇਦਾਰ ਕਰਦੇ ਹਨ। ਮੌਜੂਦਾ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ। ਪਿਛਲੇ ਸਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਕਾ ਜਥੇਦਾਰ ਮਿਲਿਆ ਹੈ। ਇਸ ਤੋਂ ਪਹਿਲਾਂ ਕਾਰਜਕਾਰੀ ਤੌਰ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੇਵਾ ਨਿਭਾਅ ਚੁੱਕੇ ਹਨ।
ਪੰਜ ਤਖ਼ਤ ਸਾਹਿਬ
ਸਿੱਖ ਕੌਮ ਦੇ ਪੰਜ ਤਖ਼ਤ ਹਨ ਜਿਨ੍ਹਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਹਨ। ਇਨ੍ਹਾਂ ਸਾਰੇ ਤਖ਼ਤਾਂ ਦੇ ਜਥੇਦਾਰ ਹੁੰਦੇ ਹਨ ਜਿਨ੍ਹਾਂ ਨੂੰ ਪੰਜ ਸਿੰਘ ਸਾਹਿਬ ਕਿਹਾ ਜਾਂਦਾ ਹੈ। ਜਦੋਂ ਪੰਜਾਂ ਤਖ਼ਤਾਂ ਦੇ ਸਿੰਘ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਦੀ ਅਗਵਾਈ ਕਰਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਇਸ ਲਈ ਹਰ ਗੁਰਸਿੱਖ ਦੀ ਤਖ਼ਤਾਂ ਪ੍ਰਤੀ ਮਰਿਆਦਾ ਤੇ ਸਤਿਕਾਰ ਜੁੜਿਆ ਹੋਇਆ ਹੈ। ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਮੁੱਖ ਹੈ। ਅਕਾਲ ਤਖ਼ਤ ਦੀ ਸਥਾਪਨਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ, 15 ਜੂਨ, 1606 ਨੂੰ ਕੀਤੀ ਸੀ।
ਇੱਥੇ ਗੁਰੂ ਸਾਹਿਬ ਸਿੱਖਾਂ ਦੇ ਸਿਆਸੀ ਤੇ ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ। ਇਤਿਹਾਸਕ ਤੌਰ 'ਤੇ ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ। ਇਤਿਹਾਸਕ ਰਵਾਇਤ ਮੁਤਾਬਕ ਗੁਰੂ ਸਾਹਿਬ ਨੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਲਈ ਕੱਢੀ ਮਿੱਟੀ ਦੇ ਢੇਰ ਨਾਲ ਬਣੇ ਉੱਚੇ ਸਥਾਨ 'ਤੇ ਕੀਤਾ ਸੀ।
ਗੁਰੂ ਹਰਗੋਬਿੰਦ ਸਾਹਿਬ ਰਚਨਾ ਚਾਹੁੰਦੇ ਸਨ ਤਖ਼ਤ
ਗੁਰੂ ਹਰਗੋਬਿੰਦ ਸਾਹਿਬ ਤਖ਼ਤ ਰਚਨਾ ਚਾਹੁੰਦੇ ਸਨ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰਕੇ ਹਾੜ ਵਦੀ ਪੰਚਮੀ ਦਾ ਦਿਨ ਮੁਕੱਰਰ ਕਰਕੇ ਉਪਰੋਂ ਥਾਂ ਪੱਧਰਾ ਕਰਨ, ਇੱਟਾਂ ਤੇ ਚੂਨਾ ਆਦਿ ਸਮੱਗਰੀ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ।
ਹਾੜ ਵਦੀ ਪੰਚਮੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਕੇ ਮਹਿਲਾਂ ਤੋਂ ਚੱਲ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਨਮਸਕਾਰ ਕੀਤੀ, ਪ੍ਰਕਰਮਾ ਕੀਤੀਆਂ ਤੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਥਾਂ ਆ ਕੇ ਅਰਦਾਸ ਕੀਤੀ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਇੱਟ ਆਪਣੇ ਪਵਿੱਤਰ ਕਰ ਕਮਲਾਂ ਨਾਲ ਰੱਖੀ।
ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦਾ ਰੁਖ ਥੋੜ੍ਹਾ ਜਿਹਾ ਉੱਤਰ ਦਿਸ਼ਾ ਵੱਲ ਨੂੰ ਰੱਖਿਆ। ਕੋਠਾ ਸਾਹਿਬ ਦਾ ਰੁਖ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਹੈ। ਥੜ੍ਹੇ ਦਾ ਆਕਾਰ 14 ਫੁੱਟ ਲੰਬਾ, 8 ਫੁੱਟ ਚੌੜਾ ਤੇ 7 ਫੁੱਟ ਉੱਚਾ ਹੈ। ਇਸ ਥੜ੍ਹੇ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮੁੱਖ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਰੱਖਿਆ।
ਕੋਠਾ ਸਾਹਿਬ ਕੀ ਹੈ ?
ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਪੱਛਮ ਵਾਲੇ ਪਾਸੇ ਸਾਹਮਣੇ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਦਿਆਂ ਜੋ ਮਿੱਟੀ ਬਾਹਰ ਕੱਢੀ ਗਈ ਜਾ ਰਹੀ ਸੀ। ਉਸ ਨਾਲ ਇੱਕ ਕੱਚਾ ਥੜ੍ਹਾ ਬਣ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕੱਚੇ ਥੜ੍ਹੇ ਉੱਪਰ ਆਪਣੇ ਆਰਾਮ ਕਰਨ ਲਈ ਇੱਕ ਕੋਠੜੀ ਬਣਵਾਈ, ਜਿਸ ਨੂੰ ਹੁਣ ਕੋਠਾ ਸਾਹਿਬ ਕਿਹਾ ਜਾਂਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪ੍ਰਕਾਸ਼ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਾਤ ਨੂੰ ਇੱਥੇ ਹੀ ਬਿਰਾਜਮਾਨ ਕੀਤੇ ਜਾਂਦੇ ਹਨ। ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾਗੱਦੀ ਬਖਸ਼ ਕੇ ਗਏ।
ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ।
ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ।
ਮੀਰੀ ਪੀਰੀ ਦੇ ਮਾਲਕ
5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ। ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ।
ਸੁਨਿਹਰੀ ਬੰਗਲਾ
ਸਿੱਖ ਇਤਿਹਾਸ ‘ਚ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲੀ ਵਾਰ ਸ਼ਸਤ੍ਰ ਪਹਿਨੇ ਸਨ। ਜਿਸ ਅਸਥਾਨ ‘ਤੇ ਸੱਜ ਕੇ ਮੀਰੀ ਪੀਰੀ ਦੀਆਂ ਦੋਵੇਂ ਤਲਵਾਰਾਂ ਪਹਿਨੀਆਂ ਅੱਜ ਉਸ ਜਗ੍ਹਾਂ ਸੁਨਿਹਰੀ ਬੰਗਲਾ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਹਰ-ਵਾਰ ਇੱਕ ਖੂਹ ਲਵਾਇਆ ਗਿਆ ਜਿਸ ਦਾ ਨਾਮ ਅਕਾਲਸਰ ਰੱਖਿਆ। ਇਸੇ ਖੂਹ ਦੇ ਜਲ ਨਾਲ ਅਕਾਲ ਤਖ਼ਤ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਰਿਹਾ ਤੇ ਹੁਣ ਇਸ ਨੂੰ ਅੰਦਰਵਾਰ ਕਰ ਦਿੱਤਾ ਗਿਆ ਹੈ।
ਮਹੰਤਾਂ ਤੋਂ ਆਜ਼ਾਦ ਕਰਵਾ ਗੁਰਦੁਆਰੇ
1845 ਜਦੋਂ ਸਿੱਖਾਂ ਤੇ ਅੰਗ੍ਰੇਜ਼ਾਂ ਦੀ ਪਹਿਲੀ ਲੜਾਈ ਹੋਈ ਤਾਂ ਡੋਗਰਿਆਂ ਦੀ ਸਾਜਸ਼ ਕਾਰਨ ਅਗਰੇਜ਼ਾ ਦੇ ਧੋਖੇ ਨਾਲ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਉਨ੍ਹਾਂ ਲਾਹੌਰ ਪਹੁੰਚਿਦਿਆਂ ਹੀ ਹਰਮਿੰਦਰ ਸਾਹਿਬ ਦਾ ਪ੍ਰਬੰਧ ਇੱਕ ਸਰਬਰਾਹ ਦੇ ਅਧੀਨ ਪੁਜਾਰੀਆਂ ਨੂੰ ਸੌਂਪ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਨਿਹੰਗ ਸਿੰਘਾਂ ਤੋਂ ਲੈਣ ਲਈ ਫੌਜੀ ਹਮਲਾ ਵੀ ਕਰ ਦਿੱਤਾ।
ਇਸ ਵਿੱਚ ਬਹੁਤ ਸਾਰੇ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸ਼ਹੀਦ ਹੋ ਗਏ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਅੰਗਰੇਜ਼ ਹਾਕਮਾਂ ਨੇ ਸਰਕਾਰੀ ਸਰਬਰਾਹ ਦੇ ਅਧੀਨ ਪੁਜਾਰੀਆਂ ਦੇ ਹੱਥ ਹੀ ਦੇ ਦਿੱਤਾ। 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪੰਜਾਬ ਦੇ ਸਾਰੇ ਗੁਰਦੁਆਰੇ ਮਹੰਤਾ ਤੋਂ ਆਜ਼ਾਦ ਕਰਵਾ ਲਏ ਗਏ।
ਅਨੰਦਪੁਰ ਸਾਹਿਬ ਦਾ ਮਤਾ
1947 ਤੋਂ 1977 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਦਾ ਹੀ ਕੇਂਦਰ ਰਿਹਾ ਤੇ ਕਿਸੇ ਵੀ ਹੋਰ ਕਿਸਮ ਦੀ ਪਾਲਿਸੀ ਮੈਟਰ ਨੂੰ ਨਹੀਂ ਵਿਚਾਰਿਆ ਗਿਆ। 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਇਆ।
ਇਸ ਮਤੇ ਵਿੱਚ ਵਿਦੇਸ਼ੀ ਮਾਮਲੇ, ਮੁਦਰਾ, ਰੱਖਿਆ ਤੇ ਸੰਚਾਰ ਸਮੇਤ ਸਿਰਫ ਪੰਜ ਜ਼ਿੰਮੇਵਾਰੀਆਂ ਆਪਣੇ ਕੋਲ ਰੱਖਦੇ ਹੋਏ ਬਾਕੀ ਦੇ ਅਧਿਕਾਰ ਸੂਬੇ ਨੂੰ ਦੇਣ ਤੇ ਪੰਜਾਬ ਨੂੰ ਇੱਕ ਖੁਦਮੁਖਤਿਆਰ ਸੂਬੇ ਦੇ ਰੂਪ ‘ਚ ਸਵੀਕਾਰ ਕਰਨ ਸਬੰਧੀ ਗੱਲਾਂ ਕਹੀਆਂ ਗਈਆਂ।