Sri Guru Ramdas Ji: ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਜਿਨ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕੀਤਾ। ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534ਈ: ਨੁੰ ਸੋਢੀ ਹਰਿਦਾਸ ਜੀ ਦੇ ਘਰ, ਮਾਤਾ ਦਇਆ ਕੌਰ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ।ਗੁਰੂ ਰਾਮਦਾਸ ਜੀਘਰ ਵਿੱਚ ਪਲੇਠੀ ਦਾ ਪੁੱਤਰ ਸਨ ਤੇ ਇਸ ਕਰਕੇ ਵੱਡਾ (ਜੇਠਾ) ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਂ ‘ਜੇਠਾ’ ਹੀ ਪੈ ਗਿਆ। ਪਰ ਇਨ੍ਹਾਂ ਦਾ ਮੂਲ ਨਾਂ ਰਾਮਦਾਸ ਸੀ। ਜੇਠਾ ਜੀ ਦੀ ਪਾਲਣਾ ਵੀ ਗੁਰਮਤਿ ਸੰਸਕਾਰਾਂ ਅਧੀਨ ਧਾਰਮਿਕ ਬਿਰਤੀ ਵਾਲੇਮਾਂ ਬਾਪ ਦੇ ਅਸਰ ਹੇਠ ਸ਼ੁਰੂ ਹੋਈ।
ਪਰ ਹੋਣੀ ਅਜਿਹੀ ਸੀ ਕਿ ਅਜੇ ਛੋਟੀ ਉਮਰ ਦੇ ਹੀ ਸਨ ਕਿ ਮਾਤਾ ਜੀ ਚਲਾਣਾ ਕਰ ਗਏ ਅਤੇ ਸੱਤ ਸਾਲਾਂ ਦੀ ਉਮਰ ਹੋਈ ਤਾਂ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਜੇਠਾ ਜੀ ਇਕਦਮ ਯਤੀਮ ਹੋ ਗਏ ਪਰ ਉਨ੍ਹਾਂ ਬਿਨਾਂ ਕਿਸੇ ਵੀ ਆਸਰੇ ਦੀ ਪਰਵਾਹ ਕੀਤਿਆਂ ਛੋਟੀ ਉਮਰ ਵਿੱਚ ਹੀ ਹੱਥੀਂ ਕਿਰਤ ਕਰਨੀ ਆਰੰਭ ਕਰ ਦਿੱਤੀ। ਉਨ੍ਹਾਂ ਦੀ ਬਿਰਧ ਨਾਨੀ ਜੋ ਕਿ ਬਾਸਰਕੇ ਇਕੱਲੀ ਹੀ ਰਹਿੰਦੀ ਸੀ, ਜੇਠਾ ਜੀ ਦੀ ਅਜਿਹੀ ਤਰਸਯੋਗ ਹਾਲਤ ਨੂੰ ਸਹਿਣ ਨਾ ਕਰ ਸਕੀ ਤੇ ਜੇਠਾ ਜੀ ਨੂੰ ਆਪਣੇ ਨਾਲ ਲਾਹੌਰ ਤੋਂ ਬਾਸਰਕੇ ਲੈ ਗਈ।
ਆਪ ਦੀ ਨਾਨੀ ਬਹੁਤ ਬਿਰਧ ਸੀ, ਜਿਸ ਕਾਰਨ ਆਪ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਘੁੰਗਣੀਆਂ ਵੇਚਣ ਦਾ ਕੰਮ ਵੀ ਕਰਨਾ ਪਿਆ। 1546 ਵਿਚ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਲੰਗਰ ਦੀ ਸੇਵਾ ਕਰਦੇ ਪਰ ਆਪਣਾ ਨਿਰਬਾਹ ਘੁੰਗਣੀਆ ਵੇਚ ਕੇ ਹੀ ਕਰਦੇ। ਆਪ 12 ਸਾਲ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰੂ ਜੀ ਨੇ ਆਪ ਦੀ ਨੇਕ ਨੀਤੀ, ਸੇਵਾ-ਭਾਵ, ਨਿਰਮਾਣਤਾ ਤੇ ਸੁਭਾਅ ਨੂੰ ਨੇੜਿਉਂ ਤੱਕਿਆ ਤੇ ਆਪ ਤੋਂ ਬਹੁਤ ਖ਼ੁਸ਼ ਹੋਏ। 1552 ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਅਮਰਦਾਸ ਜੀ ਨੂੂੰ ਸੌਂਪ ਕੇ ਗੁਰੂ ਅਮਰਦਾਸ ਬਣਾ ਦਿੱਤਾ।
ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਭਾਨੀ ਜੀ ਲਈ ਜਦ ਵਰ ਲੱਭਣ ਦੀ ਗੱਲ ਚੱਲੀ ਤਾਂ ਗੁਰੂ ਸਾਹਿਬ ਨੇ ਆਪਣੀ ਪਤਨੀ ਬੀਬੀ ਮਨਸਾ ਦੇਵੀ ਜੀ ਨੂੰ ਪੁੱਛਿਆ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਹੈ? ਉਸ ਸਮੇਂ ਭਾਈ ਜੇਠਾ ਜੀ ਘੰੁਗਣੀਆਂ ਵੇਚ ਰਹੇ ਸਨ। ਬੀਬੀ ਜੀ ਨੇ ਭਾਈ ਜੇਠਾ ਜੀ ਵੱਲ ਵੇਖ ਕੇ ਕਿਹਾ ਕਿ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਦਾਸ ਜੀ ਬੋਲੇ ਕਿ ਐਸਾ ਵਰ ਤਾਂ ਫਿਰ ਇਹੋ ਹੀ ਹੋ ਸਕਦਾ ਹੈ। ਭਾਈ ਜੇਠਾ ਜੀ ਦੀ ਮੰਗਣੀ ਬੀਬੀ ਭਾਨੀ ਜੀ ਨਾਲ ਕਰ ਦਿੱਤੀ ਗਈ। ਦਸੰਬਰ 1552 ਵਿਚ ਆਪ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ।
ਬੀਬੀ ਭਾਨੀ ਜੀ ਚਾਰ ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਆਪ ਤੋਂ ਵੱਡੀ ਬੀਬੀ ਦਾਨੀ ਜੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਹੋਈ। ਭਾਈ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਕਾਰਣ ਵੀ ਆਪ ਦੀ ਸਹਿਣਸ਼ੀਲਤਾ, ਨਿਰਮਾਣਤਾ ਤੇ ਸੇਵਾ-ਭਾਵਨਾ ’ਚ ਕੋਈ ਫ਼ਰਕ ਨਹÄ ਪਿਆ। ਆਪ ਦਿਨ ਰਾਤ ਬਾਉਲੀ ਦੀ ਸੇਵਾ ’ਚ ਜੁਟੇ ਰਹਿੰਦੇ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ, ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਦੇ ਕਦੇ ਅੱਕੇ ਜਾਂ ਥੱਕੇ ਨਹੀ ਸਨ।
ਇਕ ਵਾਰੀ ਲਾਹੌਰ ਤੋਂ ਸੰਗਤ ਦਾ ਜਥਾ ਗੋਇੰਦਵਾਲ ਆ ਕੇ ਠਹਿਰਿਆ। ਜਥੇ ’ਚ ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਵੀ ਸਨ। ਜਦੋ ਉਹ ਲੋਕ ਮਿਲੇ ਤਾਂ ਆਪ ਨੇ ਸਿਰ ’ਤੇ ਟੋਕਰੀ ਚੁੱਕੀ ਹੋਈ ਸੀ। ਉਨ੍ਹਾਂ ਨੇ ਬਹੁਤ ਬੁਰਾ ਮਨਾਇਆ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਮਿੱਟੀ ਗਾਰਾ ਨਹੀਂ ਇਹ ਤਾਂ ਵਡਿੱਤਣ ਦਾ ਕੇਸਰ ਹੈ, ਸਿਰ ਉੱਤੇ ਮੜਾਸਾ ਨਹੀਂ ਸਗੋਂ ਚਾਰ ਚੱਕ ਦੀ ਪਾਤਸ਼ਾਹੀ ਦਾ ਛਤਰ ਹੈ। ਇਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਜੇ ਰਾਮਦਾਸ ਗੁਜਰ ਜਾਣ ਤਾਂ ਤੂੰ ਕੀ ਕਰੇਗੀ? ਬੀਬੀ ਭਾਨੀ ਜੀ ਨੇ ਨਿਮਰਤਾ ਸਹਿਤ ਆਪਣੀ ਨੱਥ ਉਤਾਰ ਦਿੱਤੀ, ਜਿਸ ਦਾ ਭਾਵ ਸੀ ਕਿ ਜੋ ਰੱਬ ਦੀ ਰਜ਼ਾ ਹੋਏਗੀ ਮਨਜ਼ੂਰ ਹੋਏਗੀ।
ਇਹ ਦੇਖ ਕੇ ਗੁਰਦੇਵ ਪਿਤਾ ਨੇ ਬੀਬੀ ਭਾਨੀ ਜੀ ਨੂੰ ਅਸ਼ੀਰਵਾਦ ਦਿੱਤਾ ਕਿ ਸਾਡੀ ਬਾਕੀ ਦੀ ਉਮਰ ਵੀ ਰਾਮਦਾਸ ਦੇ ਲੇਖੇ ਹੈ। ਇੰਨਾ ਕਹਿ ਕੇ ਆਪ ਬਾਉਲੀ ਵੱਲ ਚੱਲ ਪਏ। ਉਸ ਸਮੇਂ ਭਾਈ ਰਾਮਦਾਸ ਜੀ ਸਿਰ ਤੇ ਟੋਕਰੀ ਚੁੱਕੀ ਜਾ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਟੋਕਰੀ ਉਤਰਵਾ ਕੇ ਕਿਹਾ ਕਿ ਆਪ ਨੂੰ ਗੁਰਗੱਦੀ ਸੌਂਪਣ ਦਾ ਵਕਤ ਆ ਗਿਆ ਹੈ। ਆਪ ਜੀ ਨੇ ਕਿਹਾ ਕਿ ਹੇ! ਮੇਰੇ ਮਾਲਿਕ ਗੁਰਗੱਦੀ ਨਹੀਂ ਮੈਨੂੰ ਸੇਵਾ ਦਾ ਦਾਨ ਦਿਓ, ਗੱਦੀ ਮੋਹਰੀ ਜੀ ਨੂੰ ਦੇ ਦਿਓ। ਆਖ਼ਰੀ ਪ੍ਰੀਖਿਆ ਗੁਰੂ ਘਰ ਦੇ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਰਾਮਦਾਸ ਜੀ ਵਿਚ ਹੋਈ।
ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਤੇ ਭਾਈ ਰਾਮਦਾਸ ਜੀ ਨੂੰ ਥੜ੍ਹਾ ਬਣਾਉਣ ਲਈ ਕਿਹਾ। ਥੜ੍ਹਾ ਬਣ ਜਾਣ ’ਤੇ ਥੜ੍ਹਾ ਢਾਉਣ ਲਈ ਕਹਿ ਦਿੱਤਾ। ਚੌਥੀ ਵਾਰ ਥੜ੍ਹਾ ਬਣਾਉਣ ’ਤੇ ਭਾਈ ਰਾਮਾ ਜੀ ਖਿਝ ਗਏ। ਭਾਈ ਰਾਮਦਾਸ ਜੀ ਥੜ੍ਹਾ ਬਣਾ ਦਿੰਦੇ ਤੇ ਢਾਹ ਵੀ ਦਿੰਦੇ। ਸੱਤਵੀਂ ਵਾਰ ਥੜ੍ਹਾ ਬਣਾਉਣ ’ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਅੱਛਾ ਨਹੀ ਬਣਾਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਕਿਹਾ ਕਿ ਮੈਂ ਭੁੱਲਣਹਾਰ ਹਾਂ, ਤੁਸੀ ਕਿਰਪਾਲੂ ਹੋ।
ਵਾਰ-ਵਾਰ ਭੁੱਲਾਂ ਬਖ਼ਸ਼ ਦਿੰਦੇ ਹੋ। ਗੁਰੂ ਜੀ ਨੇ ਸਭ ਨੂੰ ਕਿਹਾ ਕਿ ‘ਇਨ੍ਹਾਂ ਦੀ ਸੇਵਾ ਮੈਨੂੰ ਪਸੰਦ ਆਈ। ਇਹ ਸੱਚੇ ਪ੍ਰੇਮੀ ਹਨ। ਰਾਮ ਦਾਸ ਮਹਾਨ ਪੁਰਸ਼ ਹੈ, ਇਸ ਸਦਕਾ ਕਿਤਨੇ ਹੀ ਤਰ ਜਾਣਗੇ।’ ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਆਪ ਨੂੰ ਗੁਰਿਆਈ ਸੌਂਪੀ। 1581 ਨੂੰ ਆਪ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ।