Mukhwak: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-10-2022)
Mukhwak: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-10-2022)
ਰਾਮਕਲੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥ ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥ ਨ ਜਾਣਾ ਹਰੇ ਮੇਰੀ ਕਵਨ ਗਤੇ ॥ ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥ ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥ ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥ ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥ ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
ਐਤਵਾਰ, ੭ ਕੱਤਕ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੭੬)
ਰਾਮਕਲੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ਼੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ, ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ । ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ।੧। ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ । ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ । ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ।੧।ਰਹਾਉ। (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ । ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ।੨। ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ । ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ।੩। ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ਼੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ) । ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ—ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ।੪।੧।