ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ ( 04-12-2022)
ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥
ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥
ਕਵਨ ਕਵਨ = ਕੇਹੜੇ ਕੇਹੜੇ? ਕਹਿ ਕਹਿ = ਆਖ ਆਖ ਕੇ। ਗਾਵਾ = ਗਾਵਾਂ, ਮੈਂ ਗਾਵਾਂ। ਸਾਹਿਬ = ਮਾਲਕ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ। ਮਹਿਮਾ = ਵਡਿਆਈ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥ ਮੈ = ਮੇਰੇ ਵਾਸਤੇ। ਧਰ = ਆਸਰਾ। ਅਵਰੁ = ਹੋਰ ॥੧॥ ਤਾਣੁ = ਬਲ। ਦੀਬਾਣੁ = ਸਹਾਰਾ। ਪਹਿ = ਪਾਸ। ਕਰਉ = ਕਰਉਂ, ਮੈਂ ਕਰਾਂ। ਪਾਸੇ = ਪਾਸਿ ॥੨॥ ਵਿਚੇ ਪਾਣੀ = (ਪਾਣੀ ਦੇ) ਵਿਚ ਹੀ। ਵਿਚੇ ਧਰਤੀ = (ਧਰਤੀ ਦੇ) ਵਿਚ ਹੀ। ਕਾਸਟ = ਕਾਠ, ਲੱਕੜੀ। ਧਰੀਜੈ = ਧਰੀ ਹੋਈ ਹੈ। ਸਿੰਘੁ = ਸ਼ੇਰ। ਇਕ ਤੈ ਥਾਇ = ਇਕੋ ਹੀ ਥਾਂ ਵਿਚ। ਮਨ = ਹੇ ਮਨ! ॥੩॥ ਚਰਣ ਤਲੇ ਤੇ = ਪੈਰਾਂ ਹੇਠੋਂ। ਆਣਿ = ਲਿਆ ਕੇ। ਸਭੁ ਜਗਤੁ = ਸਾਰਾ ਸੰਸਾਰ ॥੪॥੧॥੧੨॥
ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥