Punjab news : ਮੁੱਖ ਮੰਤਰੀ ਆਪਣੀ ਗਲਤੀ ਸਵੀਕਾਰ ਕੇ ਸਿੱਖ ਜਗਤ ਤੋਂ ਮਾਫ਼ੀ ਮੰਗਣ- ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਬੀਤੇ ਕੱਲ੍ਹ ਖ਼ਾਲਸਾ ਸਾਜਣਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬੀ ਹਾਲਤ ਵਿਚ ਜਾਣ ਨੂੰ ਸਿੱਖ ਮਰਯਾਦਾ ਅਤੇ ਗੁਰੂ ਘਰ ਦੇ ਸਤਿਕਾਰ ਵਿਰੁੱਧ ਕਰਾਰ ਦਿੱਤਾ ਹੈ।
ਅੰਮ੍ਰਿਤਸਰ : ਬੀਤੇ ਕੱਲ੍ਹ ਖ਼ਾਲਸਾ ਸਾਜਣਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬੀ ਹਾਲਤ ਵਿਚ ਜਾਣ ਨੂੰ ਸਿੱਖ ਮਰਯਾਦਾ ਅਤੇ ਗੁਰੂ ਘਰ ਦੇ ਸਤਿਕਾਰ ਵਿਰੁੱਧ ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਗੁਰੂ ਘਰ ਦੇ ਸਤਿਕਾਰ ਨੂੰ ਭੁੱਲਣਾ ਸੰਵਿਧਾਨਕ ਅਹੁਦੇ ਦੀ ਤੌਹੀਨ ਹੋਣ ਦੇ ਨਾਲ-ਨਾਲ ਅਨੈਤਿਕਤਾ ਦੀ ਸਿਖ਼ਰ ਵੀ ਹੈ।
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਭਗਵੰਤ ਮਾਨ ਦੇ ਸ਼ਰਾਬ ਪੀ ਕੇ ਤਖ਼ਤ ਸਾਹਿਬ ’ਤੇ ਮੱਥਾ ਟੇਕਣ ਜਾਣ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਨਜ਼ਰ ਆਇਆ ਹੈ ਕਿ ਉਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਇਸੇ ਕਰਕੇ ਹੀ ਉਹ ਠੀਕ ਢੰਗ ਨਾਲ ਗੱਲਬਾਤ ਨਹੀਂ ਕਰ ਪਾ ਰਹੇ ਸਨ। ਮੁੱਖ ਮੰਤਰੀ ਦਾ ਗੁਰੂ ਘਰ ਵਿਖੇ ਸ਼ਰਾਬ ਦਾ ਸੇਵਨ ਕਰਕੇ ਜਾਣਾ ਸਿੱਖ ਮਰਯਾਦਾ ਦਾ ਉਲੰਘਣ ਹੈ, ਜਿਸ ਨੇ ਦੇਸ਼ ਦੁਨੀਆਂ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੂਬੇ ਦੇ ਹਰ ਬਾਸ਼ਿੰਦੇ ਦੀ ਅਗਵਾਈ ਵਾਲਾ ਹੋਣ ਕਰਕੇ ਵੱਡੀ ਜ਼ੁੰਮੇਵਾਰੀ ਦਾ ਲਖਾਇਕ ਹੈ, ਪਰੰਤੂ ਭਗਵੰਤ ਮਾਨ ਇਸ ਅਹੁਦੇ ਦੀ ਮਾਣ-ਮਰਯਾਦਾ ਨੂੰ ਤਾਰ-ਤਾਰ ਤਾਂ ਕਰ ਹੀ ਰਹੇ ਹਨ, ਨਾਲ ਹੀ ਉਹ ਗੁਰੂ ਘਰ ਦੀ ਮਰਯਾਦਾ ਅਤੇ ਮਾਣ-ਸਤਿਕਾਰ ਨੂੰ ਵੀ ਢਾਹ ਲਗਾ ਰਹੇ ਹਨ। ਜੇਕਰ ਉਹ ਸ਼ਰਾਬ ਦਾ ਸੇਵਨ ਕਰਨ ਤੋਂ ਨਹੀਂ ਰੁਕ ਸਕਦੇ ਤਾਂ ਉਨ੍ਹਾਂ ਨੂੰ ਗੁਰੂ ਘਰ ਅੰਦਰ ਨਤਮਸਤਕ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪਣੀ ਗਲਤੀ ਦੀ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਗੁਰੂ ਘਰਾਂ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ।