Maghi Mela 2024: ਕੜਾਕੇ ਦੀ ਠੰਢ ਦੇ ਬਾਵਜੂਦ ਮੇਲਾ ਮਾਘੀ 'ਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ, ਜਾਣੋ 40 ਮੁਕਤਿਆਂ ਦਾ ਇਤਿਹਾਸ
ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤਿਆਂ ਦੀ ਯਾਦ ਵਿੱਚ ਤੇ ਮਕਰ ਸੰਕ੍ਰਾਂਤੀ ਦੇ ਮੱਦੇਨਜ਼ਰ ਮਾਘੀ ਮੇਲਾ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਵਿਖੇ ਮੱਥਾ ਟੇਕ ਰਹੀਆਂ ਹਨ।
Maghi Mela 2024: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਵਿੱਚ ਵਿਸ਼ਵ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਸੰਗਤਾਂ ਲਗਾਤਾਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਰਹੀਆਂ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਇੱਥੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ।
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤਿਆਂ ਦੀ ਯਾਦ ਵਿੱਚ ਤੇ ਮਕਰ ਸੰਕ੍ਰਾਂਤੀ ਦੇ ਮੱਦੇਨਜ਼ਰ ਮਾਘੀ ਮੇਲਾ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਵਿਖੇ ਮੱਥਾ ਟੇਕ ਰਹੀਆਂ ਹਨ। ਸੰਗਤਾਂ ਮਕਰ ਸੰਕ੍ਰਾਂਤੀ ਦੇ ਮੌਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਰਹੀਆਂ ਹਨ।
ਬੇਸ਼ੱਕ ਮਕਰ ਸੰਕ੍ਰਾਂਤੀ ਦੇਸ਼ ਭਰ 'ਚ ਮਨਾਈ ਜਾਂਦੀ ਹੈ ਪਰ ਦੁਨੀਆ ਭਰ 'ਚ ਮਸ਼ਹੂਰ ਮਾਘੀ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ 'ਚ ਹੀ ਮਨਾਇਆ ਜਾਂਦਾ ਹੈ। ਇਸ ਸਥਾਨ 'ਤੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਆਪਣੇ ਜੀਵਨ ਦੀ ਫੈਸਲਾਕੁਨ ਜੰਗ ਲੜੀ ਸੀ। ਇਸ ਸਥਾਨ 'ਤੇ ਹੀ ਗੁਰੂ ਸਾਹਿਬ ਨੇ 40 ਸਿੱਖਾਂ ਵੱਲੋਂ ਲਿਖਿਆ ਬੇਦਾਵਾ ਪਾੜ੍ਹਿਆ ਸੀ।
ਇਤਿਹਾਸ ਮੁਤਾਬਕ ਜੰਗ ਤੋਂ ਅੱਕ ਕੇ 40 ਸਿੱਖਾਂ ਦੀ ਤਰਫੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖਿਆ ਗਿਆ ਸੀ ਕਿ ਉਹ ਸਾਡੇ ਗੁਰੂ ਨਹੀਂ ਤੇ ਅਸੀਂ ਉਨ੍ਹਾਂ ਦੇ ਸਿੱਖ ਨਹੀਂ। ਇਸ ਮਗਰੋਂ ਜਦੋਂ ਉਹ ਆਪਣੇ ਘਰ ਵਾਪਸ ਪਰਤੇ ਤਾਂ ਉਨ੍ਹਾਂ ਦੀਆਂ ਪਤਨੀਆਂ ਨੇ ਮਿਹਣੇ ਮਾਰੇ ਕੇ ਵਾਪਸ ਭੇਜ ਦਿੱਤਾ। ਇਸ ਲਈ ਉਹ 40 ਸਿੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹੋਏ ਖਿਦਰਾਣੇ ਦੀ ਢਾਬ 'ਤੇ ਪਹੁੰਚ ਗਏ।
ਜਦੋਂ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਇੱਥੇ ਪਹੁੰਚੀ ਤਾਂ ਇਨ੍ਹਾਂ 40 ਸਿੱਖਾਂ ਨਾਲ ਸਾਹਮਣਾ ਹੋਇਆ। ਇੱਥੇ ਇਨ੍ਹਾਂ 40 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਸਿੱਖ ਜੋ ਬੇਦਾਵਾ ਦੇ ਕੇ ਉਨ੍ਹਾਂ ਨੂੰ ਛੱਡ ਗਏ ਸਨ, ਇਸ ਅਸਥਾਨ ਤੇ ਲੜਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਵਿੱਚੋਂ ਇੱਕ ਸਿੱਖ ਜਿਸ ਦਾ ਨਾਮ ਭਾਈ ਮਹਾਂ ਸਿੰਘ ਸੀ, ਜਦੋਂ ਉਹ ਆਪਣੇ ਜੀਵਨ ਦੇ ਆਖਰੀ ਸਾਹ ਲੈ ਰਿਹਾ ਸੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੋਂ ਉੱਤਰ ਉਨ੍ਹਾਂ ਕੋਲ ਆਏ।
ਇੱਥੇ ਭਾਈ ਮਹਾਂ ਸਿੰਘ ਨੇ ਸਿਰ ਝੁਕਾ ਕੇ ਕਿਹਾ ਕਿ ਗੁਰੂ ਜੀ ਸਾਨੂੰ ਮਾਫ ਕਰ ਦਿਓ। ਅਸੀਂ ਬਹੁਤ ਵੱਡੀ ਗਲਤੀ ਕੀਤੀ ਸੀ। ਭਾਈ ਮਹਾਂ ਸਿੰਘ ਨੇ ਕਿਹਾ ਕਿ ਉਹ ਗੁਰੂ ਦੇ ਸਿੰਘ ਹਨ ਤੇ ਬੇਦਾਵਾ ਪਾੜ੍ਹ ਦਿਓ। ਗੁਰੂ ਜੀ ਨੇ ਆਪਣੇ ਕਮਰਬੰਦ ਵਿੱਚੋਂ ਬੇਦਾਵਾ ਕੱਢਿਆ ਤੇ ਪਾੜ੍ਹ ਦਿੱਤਾ। ਗੁਰੂ ਜੀ ਨੇ ਸਿੰਘਾਂ ਨੂੰ 10 ਹਜ਼ਾਰੀ ਤੇ 20 ਹਜ਼ਾਰੀ ਦਾ ਖਿਤਾਬ ਦਿੱਤਾ। ਇਸ ਲਈ ਇਹ ਜਗ੍ਹਾ ਟੁੱਟੀ ਗੰਢੀ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸ ਲਈ ਹਰ ਸਾਲ ਇੱਥੇ 40 ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਮਨਾਇਆ ਜਾਂਦਾ ਹੈ।