Shaheedi Jor Mela 2023: ਸ਼ਹੀਦੀ ਜੋੜ ਮੇਲ 'ਚ ਪਹੁੰਚ ਰਹੀਆਂ ਵੱਡੀ ਗਿਣਤੀ ਸੰਗਤਾਂ, ਅੱਜ ਹੋਣਗੀਆਂ ਸਿਆਸੀ ਕਾਨਫਰੰਸਾਂ
Shaheedi Jor Mela: ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ ਸਿਆਸੀ ਕਾਨਫਰੰਸਾਂ ਹੋਣਗੀਆਂ। ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬਾਨ...
Shaheedi Jor Mela 2023: ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਚਮਕੌਰ ਸਾਹਿਬ ਦੇ ਮੁਗਲ ਸਾਮਰਾਜ ਨਾਲ ਹੋਏ ਇਤਿਹਾਸਕ ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ ਸਿਆਸੀ ਕਾਨਫਰੰਸਾਂ ਹੋਣਗੀਆਂ। ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬਾਨ ਸਮੇਤ ਹੋਰ ਅਕਾਲੀ ਦਲ ਦੇ ਆਗੂ ਪਹੁੰਚਣਗੇ।
ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਜੋੜ ਮੇਲ ਦੇ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੰਚ ਤੋਂ ਰਾਗੀ ਤੇ ਢਾਡੀ ਜਥਿਆਂ ਨੇ ਕਥਾ ਕੀਰਤਨ ਕੀਤਾ ਤੇ ਗੁਰਬਾਣੀ ਦੀ ਵਿਆਖਿਆ ਕੀਤੀ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਇਹ ਦੀਵਾਨ 23 ਦਸੰਬਰ ਦੇਰ ਰਾਤ ਤੱਕ ਜਾਰੀ ਰਹਿਣਗੇ।
ਸਮਾਗਮ ਦੇ ਪਹਿਲੇ ਦਿਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੰਗਤਾਂ ਦੀ ਪੂਰੀ ਚਹਿਲ-ਪਹਿਲ ਰਹੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਪਹੁੰਚੇ, ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ, ਡੀਐਸਪੀ ਜਰਨੈਲ ਸਿੰਘ ਅਤੇ ਥਾਣਾ ਮੁਖੀ ਹਰਸ਼ ਮੋਹਨ ਗੌਤਮ ਖੁਦ ਸਮਾਗਮ ਦੀ ਨਿਗਰਾਨੀ ਕਰ ਰਹੇ ਹਨ।
ਇਸੇ ਤਰ੍ਹਾਂ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੀਰਾਵਰ ਨੂੰ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਦੀ ਅਗਵਾਈ ਹੇਠ ਗੁਰਦੁਆਰੇ ਦੇ ਦੀਵਾਨ ਹਾਲ ਸਾਹਮਣੇ ਯੂਥ ਅਕਾਲੀ਼ ਦਲ ਵੱਲੋਂ ‘ਮੇਰੀ ਦਸਤਾਰ ਮੇਰੀ ਸ਼ਾਨ’ ਕੈਂਪ ਲਗਾਇਆ ਗਿਆ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ 22 ਦਸੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਗੂਆਂ ਸਮੇਤ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਟ ਕਰਨਗੇ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸ਼ਾਮਲ ਹੋਏ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸਿੱਖੀ ਸਰੂਪ ਵਿੱਚ ਆਉਣ ਕਿਉਂਕਿ ਗੁਰੂ ਸਾਹਿਬਾਨ ਨੇ ਦਸਤਾਰ ਸਜਾਉਣ ਦਾ ਸਿੱਖਾਂ ਨੂੰ ਮਾਣ ਬਖਸ਼ਿਆ ਹੈ। ਹਲਕਾ ਇੰਚਾਰਜ ਕਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਦੋ ਦਿਨ ਚੱਲੇਗਾ।