Sikh News: ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਹੋਏ ਆਰੰਭ
ਜੈਤੋ ਦਾ ਮੋਰਚਾ ਇਸੇ ਹੀ ਸ਼ਾਨਾਂਮੱਤੇ ਇਤਿਹਾਸ ਦੀ ਤਰਜ਼ਮਾਨੀ ਕਰਦਾ ਹੈ। ਇਹ ਮੋਰਚਾ ਜਬਰ, ਜੁਲਮ ਅਤੇ ਅਨਿਆਂ ਵਿਰੁੱਧ ਇਕ ਸੰਘਰਸ਼ ਦਾ ਬਿਗਲ ਸੀ, ਜਿਸ ਨੇ ਜਾਲਮ ਹਕੂਮਤਾਂ ਦੀ ਧੱਕੇਸ਼ਾਹੀ ਨੂੰ ਚੁਣੌਤੀ ਦਿੱਤੀ। ਇਸ ਵਿੱਚੋਂ ਸਿੱਖ ਕੌਮ ਜੇਤੂ ਹੋ ਕੇ ਨਿਕਲੀ, ਜੋ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਦਰਜ ਹੈ।
Sikh News: ਸਿੱਖ ਕੌਮ ਵੱਲੋਂ ਤਤਕਾਲੀ ਅੰਗਰੇਜ਼ ਹਕੂਮਤ ਦੇ ਜਬਰ ਜੁਲਮ ਵਿਰੁੱਧ ਲਗਾਏ ਗਏ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਅੱਜ ਇਥੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਜੈਤੋ ਵਿਖੇ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਏ। ਇਨ੍ਹਾਂ ਸਮਾਗਮਾਂ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੋਂ ਗੁਰਦੁਆਰਾ ਅੰਗੀਠਾ ਸਾਹਿਬ ਤੱਕ ਵਿਸ਼ਾਲ ਨਗਰ ਸਜਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਦੀ ਆਰੰਭਤਾ ਵੀ ਕੀਤੀ ਗਈ।
ਨਗਰ ਕੀਰਤਨ (ਸ਼ਹੀਦੀ ਮਾਰਚ) ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਯਾਦ ਕਰਨ ਦੇ ਨਾਲ-ਨਾਲ ਮੌਜੂਦਾ ਸਮੇਂ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਵੀ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਅੰਦਰ ਹੱਕ ਸੱਚ ਦੀ ਪਹਿਰੇਦਾਰੀ ਵਾਸਤੇ ਵੱੱਡੀਆਂ ਕੁਰਬਾਨੀਆਂ ਹੋਈਆਂ। ਉਨ੍ਹਾਂ ਕਿਹਾ ਕਿ ਕੌਮ ਅੰਦਰ ਸ਼ਹਾਦਤਾਂ ਦਾ ਮੁੱਢ ਗੁਰੂ ਸਾਹਿਬਾਨ ਨੇ ਆਪ ਬੰਨ੍ਹਿਆ, ਜਿਸ ਦੀ ਲੜੀ ਨੂੰ ਸਿੱਖਾਂ ਨੇ ਕਾਇਮ ਰੱਖਿਆ।
ਜੈਤੋ ਦਾ ਮੋਰਚਾ ਇਸੇ ਹੀ ਸ਼ਾਨਾਂਮੱਤੇ ਇਤਿਹਾਸ ਦੀ ਤਰਜ਼ਮਾਨੀ ਕਰਦਾ ਹੈ। ਇਹ ਮੋਰਚਾ ਜਬਰ, ਜੁਲਮ ਅਤੇ ਅਨਿਆਂ ਵਿਰੁੱਧ ਇਕ ਸੰਘਰਸ਼ ਦਾ ਬਿਗਲ ਸੀ, ਜਿਸ ਨੇ ਜਾਲਮ ਹਕੂਮਤਾਂ ਦੀ ਧੱਕੇਸ਼ਾਹੀ ਨੂੰ ਚੁਣੌਤੀ ਦਿੱਤੀ। ਇਸ ਵਿੱਚੋਂ ਸਿੱਖ ਕੌਮ ਜੇਤੂ ਹੋ ਕੇ ਨਿਕਲੀ, ਜੋ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਹ ਇਤਿਹਾਸ ਸੰਗਤਾਂ ਅਤੇ ਖਾਸਕਰ ਨੌਜੁਆਨੀ ਲਈ ਪ੍ਰੇਰਣਾ ਸਰੋਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮੇਂ ਵੀ ਸਿੱਖ ਧਰਮ ਨੂੰ ਲੁਕਵੇਂ ਰੂਪ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨੂੰ ਪਛਾਣ ਕੇ ਇਕਜੁੱਟਤਾ ਨਾਲ ਮੁਕਾਬਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਅੱਜ ਕੌਮ ਲਈ ਬਹੱਦ ਜ਼ਰੂਰੀ ਹੈ, ਜਿਸ ਲਈ ਸਮੁੱਚੀ ਕੌਮ ਯੋਗਦਾਨ ਪਾਵੇ।
ਇਸੇ ਦੌਰਾਨ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦਾ ਸੰਗਤ ਵੱਲੋਂ ਥਾਂ-ਥਾਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕਰਕੇ ਸਤਿਕਾਰ ਦਿੱਤਾ ਗਿਆ। ਸੰਗਤ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਵੀ ਵੱਖ-ਵੱਖ ਪੜਾਵਾਂ ’ਤੇ ਸਿਰੋਪਾਓ ਦਿੱਤੇ।
ਨਗਰ ਕੀਰਤਨ ਵਿਚ ਨਿਹੰਗ ਸਿੰਘ ਦਲਾਂ ਵੱਲੋਂ ਊਠਾਂ ਤੇ ਘੋੜਿਆਂ ਨਾਲ ਸ਼ਮੂਲੀਅਤ ਕੀਤੀ ਗਈ। ਜੈਤੋ ਮੋਰਚੇ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਝਾਕੀਆਂ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੀਆਂ। ਇਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਨਾਭਾ ਜੇਲ੍ਹ ਦੀ ਝਾਕੀ ਵੀ ਸ਼ਾਮਲ ਸੀ। ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਨਗਰ ਕੀਰਤਨ ਦਾ ਹਿੱਸਾ ਬਣੇ ਅਤੇ ਗਤਕਾ ਪਾਰਟੀਆਂ ਨੇ ਸਿੱਖ ਜੰਗਜੂ ਕਲਾ ਦੇ ਜੌਹਰ ਵਿਖਾਏ।
ਐਡਵੋਕੇਟ ਧਾਮੀ ਨੇ ਜੈਤੋ ਮੋਰਚੇ ਬਾਰੇ ਸਚਿੱਤਰ ਪੁਸਤਕ ‘ਖੂਨੀ ਦਾਸਤਾਨ’ ਕੀਤੀ ਜਾਰੀ
ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਸਚਿੱਤਰ ਪੁਸਤਕ ਵੀ ਅੱਜ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸਿੱਖ ਇਤਿਹਾਸ ਅੰਦਰ ਜੈਤੋ ਦੇ ਮੋਰਚੇ ਦਾ ਵੱਡਾ ਮਹੱਤਵ ਹੈ, ਜਿਸ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਲਈ ਸਚਿੱਤਰ ਪੁਸਤਕ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖਾਲਸਾ ਨੇ ਇਸ ਪੁਸਤਕ ਵਿਚ ਉਸ ਸਮੇਂ ਦੀਆਂ ਕਈ ਅਹਿਮ ਤਸਵੀਰਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਜੈਤੋ ਦੇ ਮੋਰਚੇ ਦੇ ਸਾਰੇ ਜਥਿਆਂ ਅਤੇ ਸ਼ਹੀਦਾਂ ਦੇ ਵੇਰਵੇ ਦਰਜ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੁਸਤਕ ਜੈਤੋ ਮੋਰਚੇ ਦੇ 100 ਸਾਲਾ ਸਮਾਗਮਾਂ ਦੀ ਵਿਸ਼ੇਸ਼ ਗਵਾਹੀ ਵਜੋਂ ਸੰਗਤਾਂ ਵਿਚ ਆਪਣਾ ਸਥਾਨ ਗ੍ਰਹਿਣ ਕਰੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਚਿੱਤਰ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨਾਲ ਸਬੰਧਤ ਵੱਖ-ਵੱਖ ਤਸਵੀਰਾਂ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਲਗਾਈਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਦੇ ਅੱਜ ਸ਼ੁਰੂ ਹੋਏ ਸਮਾਗਮ 21 ਫ਼ਰਵਰੀ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 20 ਫ਼ਰਵਰੀ ਦੇ ਸਮਾਗਮ ਵਿਚ ਵੱਖ-ਵੱਖ ਗੁਰਮਤਿ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਕਵਿਤਾ, ਕਵੀਸ਼ਰੀ, ਢਾਡੀ ਕਲਾ ਅਤੇ ਭਾਸ਼ਣ ਰਾਹੀਂ ਇਤਿਹਾਸ ਸਾਂਝਾ ਕਰਨਗੇ। ਇਸ ਦੇ ਨਾਲ ਹੀ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਵੀ ਹੋਵੇਗਾ, ਜਿਸ ਵਿਚ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗਤਕੇ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦਾ ਮੁੱਖ ਸਮਾਗਮ 21 ਫ਼ਰਵਰੀ ਨੂੰ ਵਿਸ਼ਾਲ ਪੱਧਰ ‘’ਤੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਥ ਦੀ ਪ੍ਰਮੁੱਖ ਹਸਤੀਆਂ ਅਤੇ ਰਾਗੀ, ਢਾਡੀ ਜਥੇ ਪੁੱਜਣਗੇ। ਮੁੱਖ ਸਮਾਗਮ ਦੌਰਾਨ ਜੈਤੋ ਮੋਰਚੇ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸਾਰੇ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਫਿਰ ਵੀ ਜੇਕਰ ਕੋਈ ਪਰਿਵਾਰ ਰਹਿ ਗਿਆ ਹੋਵੇ ਤਾਂ ਉਹ ਵੀ ਪੁੱਜਣ ਦੀ ਖੇਚਲ ਕਰੇ, ਤਾਂ ਜੋ ਸਭ ਨੂੰ ਸਨਮਾਨ ਦਿੱਤਾ ਜਾ ਸਕੇ।