Asian Champions Trophy: ਭਾਰਤੀ ਮਹਿਲਾ ਹਾਕੀ ਟੀਮ ਦੀ ਵੱਡੀ ਜਿੱਤ, ਥਾਈਲੈਂਡ ਨੂੰ 13-0 ਨਾਲ ਹਰਾਇਆ
ਡਰੈਗ ਫਲਿੱਕਰ ਗੁਰਜੀਤ ਕੌਰ ਦੇ ਪੰਜ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 13-0 ਨਾਲ ਹਰਾਇਆ।
Asian Champions Trophy: ਡਰੈਗ ਫਲਿੱਕਰ ਗੁਰਜੀਤ ਕੌਰ ਦੇ ਪੰਜ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 13-0 ਨਾਲ ਹਰਾਇਆ। ਗੁਰਜੀਤ ਨੇ ਮੈਚ ਦੇ ਦੂਜੇ ਮਿੰਟ ਵਿੱਚ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਿਆ ਜਦੋਂ ਕਿ ਵੰਦਨਾ ਕਟਾਰੀਆ ਨੇ ਪੰਜ ਮਿੰਟ ਬਾਅਦ ਦੂਜਾ ਗੋਲ ਕੀਤਾ।
ਪਹਿਲੇ ਕੁਆਰਟਰ ਦੇ ਅੰਤ ਤੱਕ ਲਿਲਿਮਾ ਮਿੰਜ ਨੇ 14ਵੇਂ ਮਿੰਟ ਵਿੱਚ ਭਾਰਤ ਲਈ ਤੀਜਾ ਗੋਲ ਕੀਤਾ ਜਦਕਿ ਗੁਰਜੀਤ ਅਤੇ ਜੋਤੀ ਨੇ 14ਵੇਂ ਅਤੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 5-0 ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਵੀ ਭਾਰਤ ਦਾ ਦਬਦਬਾ ਬਣਿਆ ਰਿਹਾ। ਰਾਜਵਿੰਦਰ ਕੌਰ ਨੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਦਿਆਂ 16ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ, ਜਦਕਿ ਗੁਰਜੀਤ ਨੇ 24ਵੇਂ ਮਿੰਟ ਵਿੱਚ ਤੀਜਾ ਗੋਲ ਕੀਤਾ। ਇਸ ਤੋਂ ਤੁਰੰਤ ਬਾਅਦ ਲਿਲਿਮਾ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਦਿੱਤਾ।
ਗੁਰਜੀਤ ਨੇ 25ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਅੱਧੇ ਸਮੇਂ ਤੱਕ ਭਾਰਤ ਨੂੰ 9-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਅੱਗੇ ਵੀ ਥਾਈਲੈਂਡ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਲਗਾਤਾਰ ਹਮਲੇ ਕੀਤੇ। ਜੋਤੀ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਦੇ ਗੋਲ ਦੀ ਗਿਣਤੀ ਦੋਹਰੇ ਅੰਕ ਵਿੱਚ ਪਹੁੰਚਾਈ ਜਦਕਿ ਸੋਨਿਕਾ ਨੇ ਮੈਚ ਦਾ ਆਪਣਾ ਪਹਿਲਾ ਗੋਲ 43ਵੇਂ ਮਿੰਟ ਵਿੱਚ ਕੀਤਾ।
ਚੌਥੇ ਕੁਆਰਟਰ ਵਿੱਚ ਵੀ ਕਹਾਣੀ ਨਹੀਂ ਬਦਲੀ ਅਤੇ ਭਾਰਤ ਨੇ ਹਮਲਾ ਜਾਰੀ ਰੱਖਿਆ। ਥਾਈਲੈਂਡ ਨੇ ਹਾਲਾਂਕਿ ਇਸ ਦੌਰਾਨ ਕੁਝ ਚੰਗਾ ਬਚਾਅ ਕੀਤਾ। ਮੋਨਿਕਾ ਨੇ 55ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਗੁਰਜੀਤ ਨੇ ਤਿੰਨ ਮਿੰਟ ਬਾਅਦ ਪੈਨਲਟੀ ਕਾਰਨਰ ਤੋਂ ਭਾਰਤ ਲਈ ਪੰਜਵਾਂ ਅਤੇ 13ਵਾਂ ਗੋਲ ਕੀਤਾ। ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਮੈਚ ਸੀ। ਕਪਤਾਨ ਰਾਣੀ ਨੂੰ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਗੋਲਕੀਪਰ ਸਵਿਤਾ ਨੇ ਉਸ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਅਗਵਾਈ ਕੀਤੀ।