Ranji Trophy: ਵਾਹ ਜੀ ਵਾਹ ਕਿਆ ਹੀ ਬਾਤਾਂ ! ਸਭ ਤੋਂ ਅਮੀਰ ਬੋਰਡ ਪਾਥੀਆਂ ਦੀ ਅੱਗ ਬਾਲ਼ਕੇ ਸੁਕਾ ਰਿਹਾ ਕ੍ਰਿਕਟ ਪਿੱਚ, ਤਸਵੀਰਾਂ ਹੋਈਆਂ ਵਾਇਰਲ
Ranji Trophy 2024: ਰਣਜੀ ਟਰਾਫੀ ਵਿੱਚ ਬਿਹਾਰ ਬਨਾਮ ਕਰਨਾਟਕ ਮੈਚ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਪਾਥੀਆਂ ਨਾਲ ਪਿੱਚ ਨੂੰ ਸੁਕਾਇਆ ਗਿਆ।
Cricket Pitch Cow Dung Cakes Ranji Trophy: ਰਣਜੀ ਟਰਾਫੀ 2024-25 ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਤੀਜੇ ਦੌਰ ਦੇ ਮੈਚ 26 ਅਕਤੂਬਰ ਤੋਂ ਸ਼ੁਰੂ ਹੋਏ ਸਨ, ਜਿਸ ਵਿੱਚ ਬਿਹਾਰ ਅਤੇ ਕਰਨਾਟਕ ਵਿਚਾਲੇ ਮੁਕਾਬਲਾ ਵੀ ਸ਼ਾਮਲ ਸੀ। ਇਹ ਮੈਚ ਪਟਨਾ ਦੇ ਮੋਇਨ ਉਲ ਹੱਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਬਿਹਾਰ ਦੀ ਪੂਰੀ ਟੀਮ 143 ਦੌੜਾਂ 'ਤੇ ਸਿਮਟ ਗਈ ਸੀ, ਜਦਕਿ ਕਰਨਾਟਕ ਨੇ ਬਿਨਾਂ ਕੋਈ ਵਿਕਟ ਗੁਆਏ 16 ਦੌੜਾਂ ਬਣਾ ਲਈਆਂ ਸਨ। ਦੂਜੇ ਦਿਨ ਦਾ ਖੇਡ ਮੀਂਹ ਕਾਰਨ ਪ੍ਰਭਾਵਿਤ ਹੋਇਆ।
ਦਰਅਸਲ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਪਟਨਾ ਅਤੇ ਬਿਹਾਰ ਦੇ ਕਈ ਇਲਾਕਿਆਂ 'ਚ ਚੱਕਰਵਾਤੀ ਤੂਫਾਨ ਦਾਨਾ ਦਾ ਅਸਰ ਦੇਖਣ ਨੂੰ ਮਿਲਿਆ। ਮੋਇਨ ਉਲ ਹੱਕ ਸਟੇਡੀਅਮ 'ਚ ਦੇਰ ਰਾਤ ਤੇਜ਼ ਮੀਂਹ ਪਿਆ, ਜਿਸ ਕਾਰਨ ਮੈਦਾਨ ਗਿੱਲਾ ਹੋ ਗਿਆ। ਕੁਝ ਦਿਨ ਪਹਿਲਾਂ ਹੀ ਨਿਊਜ਼ੀਲੈਂਡ-ਅਫਗਾਨਿਸਤਾਨ ਟੈਸਟ ਮੈਚ ਦੌਰਾਨ ਗ੍ਰੇਟਰ ਨੋਇਡਾ ਦੀ ਪਿੱਚ ਨੂੰ ਪੱਖਿਆਂ ਦੀ ਮਦਦ ਨਾਲ ਸੁਕਾਇਆ ਗਿਆ ਸੀ ਪਰ ਇਸ ਵਾਰ ਪਿੱਚ ਨੂੰ ਸੁਕਾਉਣ ਲਈ ਪੱਖੇ ਨਹੀਂ ਬਲਕਿ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਕੀਤੀ ਗਈ ਹੈ।
ਬਿਹਾਰ ਬਨਾਮ ਕਰਨਾਟਕ ਮੈਚ ਦੇ ਦੂਜੇ ਦਿਨ ਦੀ ਸਵੇਰ ਯਾਨੀ 27 ਅਕਤੂਬਰ ਨੂੰ ਗਾਂ ਦੇ ਗੋਹੇ ਦੀਆਂ ਪਾਥੀਆਂ ਇੱਕ ਟਰੇਅ ਵਿੱਚ ਰੱਖ ਕੇ ਅੱਗ ਲਗਾ ਦਿੱਤੀ ਗਈ ਸੀ। ਪਾਥੀਆਂ ਦੀ ਗਰਮੀ ਕਾਰਨ ਪਿੱਚ ਨੂੰ ਸੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗਰਾਊਂਡ ਸਟਾਫ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਜਦੋਂ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਤਾਂ ਲੋਕਾਂ ਨੇ ਨਾ ਸਿਰਫ ਬਿਹਾਰ ਕ੍ਰਿਕਟ ਸੰਘ ਸਗੋਂ ਬੀ.ਸੀ.ਸੀ.ਆਈ. ਨੂੰ ਵੀ ਨਿਸ਼ਾਨਾ ਬਣਾਇਆ। ਭਾਰਤ ਦੇ ਕਈ ਪੁਰਾਣੇ ਮੈਦਾਨਾਂ ਦੀ ਇਹ ਹਾਲਤ ਹੈ ਕਿਉਂਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਟੈਸਟ 'ਚ ਮੈਟ ਦੀ ਮਦਦ ਨਾਲ ਪਿੱਚ ਨੂੰ ਸੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬਿਹਾਰ ਬਨਾਮ ਕਰਨਾਟਕ ਮੈਚ 'ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਕਰਨਾਟਕ ਨੇ 7 ਵਿਕਟਾਂ ਦੇ ਨੁਕਸਾਨ 'ਤੇ 287 ਦੌੜਾਂ ਬਣਾ ਲਈਆਂ ਹਨ। ਕਰਨਾਟਕ ਲਈ ਕਪਤਾਨ ਮਯੰਕ ਅਗਰਵਾਲ ਨੇ 105 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਅਤੇ ਟੀਮ ਦੀ ਕੁੱਲ ਬੜ੍ਹਤ ਨੂੰ 144 ਦੌੜਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ।