ENG vs PAK: ਵਿਸ਼ਵ ਕੱਪ ਤੋਂ ਬਾਹਰ ਹੋਇਆ ਪਾਕਿਸਤਾਨ, ਇੰਗਲੈਂਡ ਨੇ ਦਿੱਤਾ 337 ਦੌੜਾਂ ਦਾ ਟੀਚਾ, ਚਮਕੇ ਸਟੋਕਸ-ਰੂਟ
Cricket World Cup 2023: ਇੰਗਲੈਂਡ ਨੇ ਆਪਣੇ ਆਖ਼ਰੀ ਵਿਸ਼ਵ ਕੱਪ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 50 ਓਵਰਾਂ ਵਿੱਚ 337 ਦੌੜਾਂ ਬਣਾਈਆਂ। ਪਾਕਿਸਤਾਨ ਇਹ ਮੈਚ ਜਿੱਤ ਸਕਦਾ ਹੈ, ਪਰ ਸੈਮੀਫਾਈਨਲ 'ਚ ਨਹੀਂ ਪਹੁੰਚ ਸਕਦਾ।
ICC Cricket World Cup 2023: ਕੋਲਕਾਤਾ ਦੇ ਈਡਨ ਗਾਰਡਨ 'ਚ ਇਸ ਵਿਸ਼ਵ ਕੱਪ ਦਾ 44ਵਾਂ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਪਾਕਿਸਤਾਨ ਅਤੇ ਇੰਗਲੈਂਡ ਦੋਵਾਂ ਲਈ ਆਖਰੀ ਲੀਗ ਮੈਚ ਹੈ। ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਲੈ ਕੇ ਆਇਆ ਸੀ ਪਰ ਟਾਸ ਹਾਰ ਕੇ ਉਸ ਦੀ ਉਮੀਦ ਖਤਮ ਹੋ ਗਈ।
ਦਰਅਸਲ ਪਾਕਿਸਤਾਨ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ ਬੱਲੇਬਾਜ਼ੀ ਕਰਨ ‘ਤੇ 287 ਦੌੜਾਂ ਨਾਲ ਮੈਚ ਜਿੱਤਣਾ ਸੀ, ਜਦਕਿ ਬਾਅਦ 'ਚ ਬੱਲੇਬਾਜ਼ੀ ਕਰਦਿਆਂ ਹੋਇਆਂ 2.5 ਓਵਰਾਂ 'ਚ 300 ਦੌੜਾਂ ਦੇ ਟੀਚੇ ਹਾਸਲ ਕਰਨਾ ਸੀ। ਇਸ ਮੈਚ 'ਚ ਪਾਕਿਸਤਾਨ ਦੇ ਲਈ ਇਨ੍ਹਾਂ ਦੋਵਾਂ 'ਚੋਂ ਕੁਝ ਵੀ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਦਾ ਵਿਸ਼ਵ ਕੱਪ ਦਾ ਸਫਰ ਖਤਮ ਹੋ ਗਿਆ ਹੈ, ਪਰ ਉਹ ਆਪਣੇ ਆਖਰੀ ਮੈਚ 'ਚ ਇੰਗਲੈਂਡ ਨੂੰ ਹਰਾ ਕੇ ਆਪਣੀ ਵਿਸ਼ਵ ਕੱਪ ਨੂੰ ਜਿੱਤ ਕੇ ਖ਼ਤਮ ਕਰਨਾ ਚਾਹੇਗੀ। ਹਾਲਾਂਕਿ ਇਸਦੇ ਲਈ ਵੀ ਪਾਕਿਸਤਾਨ ਨੂੰ ਇੰਗਲੈਂਡ ਵਲੋਂ ਦਿੱਤੇ ਗਏ ਵੱਡੇ ਟੀਚੇ ਦਾ ਪਿੱਛਾ ਕਰਨਾ ਹੋਵੇਗਾ।
ਇਸ ਮੈਚ ਵਿੱਚ ਇੰਗਲੈਂਡ ਲਈ ਡੇਵਿਡ ਮਲਾਨ ਨੇ 31 ਦੌੜਾਂ, ਜੌਨੀ ਬੇਅਰਸਟੋ 59, ਜੋ ਰੂਟ ਨੇ 60, ਬੇਨ ਸਟੋਕਸ ਨੇ 84, ਜੋਸ ਬਟਲਰ ਨੇ 27 ਅਤੇ ਹੈਰੀ ਬਰੁਕ ਨੇ 30 ਦੌੜਾਂ ਦੀ ਚੰਗੀ ਪਾਰੀ ਖੇਡੀ। ਅੰਤ ਵਿੱਚ ਮੋਇਨ ਅਲੀ, ਕ੍ਰਿਸ ਵੋਕਸ ਅਤੇ ਡੇਵਿਡ ਵਿਲੀ ਨੇ ਕ੍ਰਮਵਾਰ 8, 4, 15 ਦੌੜਾਂ ਬਣਾਈਆਂ ਅਤੇ 50 ਓਵਰਾਂ ਵਿੱਚ 337 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: World Cup 2023: ਵਾਨਖੇੜੇ ਸਟੇਡੀਅਮ 'ਚ ਹੋਵੇਗਾ ਟੀਮ ਇੰਡੀਆ ਦਾ ਸੈਮੀ ਫਾਈਨਲ ਮੁਕਾਬਲਾ, ਅਜਿਹੇ ਰਹੇ ਹਨ ਮੈਦਾਨ ਦੇ A ਟੂ Z ਅੰਕੜੇ
ਹਾਰਿਸ ਰਾਊਫ ਨੇ ਲਏ ਸਭ ਤੋਂ ਵੱਧ ਵਿਕਟ
ਦੂਜੇ ਪਾਸੇ ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 2 ਵਿਕਟਾਂ, ਹਰਿਸ ਰਾਊਫ ਨੇ 3 ਵਿਕਟਾਂ, ਮੁਹੰਮਦ ਵਸੀਮ ਜੂਨੀਅਰ ਨੇ 2 ਅਤੇ ਇਫਤਿਖਾਰ ਅਹਿਮਦ ਨੇ 1 ਵਿਕਟ ਲਈ। ਇਸ ਤੋਂ ਇਲਾਵਾ ਹਰੀਸ਼ ਰਾਊਫ ਨੇ ਸ਼ਾਨਦਾਰ ਫੀਲਡਿੰਗ ਕਰਦਿਆਂ ਹੋਇਆਂ ਜੋਸ ਬਟਲਰ ਨੂੰ ਰਨ ਆਊਟ ਕਰਕੇ ਪੈਵੇਲੀਅਨ ਜਾਣ ਲਈ ਮਜਬੂਰ ਕਰ ਦਿੱਤਾ।
ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਇਸ ਟੀਚੇ ਦਾ ਪਿੱਛਾ ਕਰਨ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਹਾਲਾਂਕਿ ਪਿਛਲੇ ਮੈਚ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ 401 ਦੌੜਾਂ ਦਾ ਪਿੱਛਾ ਕਰਦਿਆਂ ਹੋਇਆਂ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ 26ਵੇਂ ਓਵਰ 'ਚ ਹੀ 200 ਦੌੜਾਂ ਪੂਰੀਆਂ ਕਰ ਕੇ ਡਕਵਰਥ ਲੁਈਸ ਮੈਥਡ ਦੀ ਮਦਦ ਨਾਲ ਮੈਚ ਜਿੱਤ ਲਿਆ ਸੀ।
ਉਸ ਮੈਚ ਵਿੱਚ ਫਖਰ ਜ਼ਮਾਨ ਨੇ ਤੇਜ਼ ਅਤੇ ਨਾਬਾਦ ਸੈਂਕੜਾ ਜੜਿਆ ਸੀ ਅਤੇ ਬਾਬਰ ਆਜ਼ਮ ਨੇ ਵੀ ਚੰਗੀ ਪਾਰੀ ਖੇਡੀ ਸੀ। ਹੁਣ ਦੇਖਣਾ ਹੋਵੇਗਾ ਕਿ ਕੀ ਇਹ ਪਾਕਿਸਤਾਨੀ ਬੱਲੇਬਾਜ਼ ਅੱਜ ਦੇ ਮੈਚ 'ਚ ਅਜਿਹਾ ਕਾਰਨਾਮਾ ਕਰ ਸਕਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ: Video: ਅਨੁਸ਼ਕਾ ਸ਼ਰਮਾ ਦੀ ਵਾਇਰਲ ਵੀਡੀਓ ਤੋਂ ਹੋਇਆ ਕਨਫਰਮ! ਜਲਦੀ ਹੀ ਦੂਜੀ ਵਾਰ ਪਿਤਾ ਬਣਨਗੇ ਵਿਰਾਟ ਕੋਹਲੀ