IND vs NZ 2nd Test: ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਮੈਚ 'ਚ 372 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼, ਜਯੰਤ-ਅਸ਼ਵਿਨ ਬਣੇ ਹੀਰੋ
ਭਾਰਤ ਨੇ ਇਹ ਮੈਚ 372 ਦੌੜਾਂ ਨਾਲ ਜਿੱਤ ਲਿਆ। ਟੀਮ ਇੰਡੀਆ ਨੇ ਦੂਜੀ ਪਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 540 ਦੌੜਾਂ ਦਾ ਵੱਡਾ ਟੀਚਾ ਦਿੱਤਾ,
IND vs NZ 2nd Test: ਭਾਰਤ ਨੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਨਿਊਜ਼ੀਲੈਂਡ (NZ) ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਇਹ ਸੀਰੀਜ਼ ਵੀ ਜਿੱਤ ਲਈ ਹੈ। ਭਾਰਤ ਲਈ ਰਵੀਚੰਦਰਨ ਅਸ਼ਵਿਨ ਤੇ ਜਯੰਤ ਯਾਦਵ ਨੇ ਚਾਰ-ਚਾਰ ਵਿਕਟਾਂ ਲਈਆਂ ਤੇ ਮਹਿਮਾਨ ਟੀਮ ਨੂੰ ਦੂਜੀ ਪਾਰੀ ਵਿੱਚ ਵੀ ਟੀਚਾ ਹਾਸਲ ਨਹੀਂ ਕਰਨ ਦਿੱਤਾ।
ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ ਦੂਜੀ ਪਾਰੀ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾ ਲਈਆਂ ਸਨ। ਚੌਥੇ ਦਿਨ ਨਿਊਜ਼ੀਲੈਂਡ ਦੀ ਟੀਮ ਆਪਣੇ ਖਾਤੇ ਵਿੱਚ ਸਿਰਫ਼ 27 ਦੌੜਾਂ ਹੀ ਜੋੜ ਸਕੀ ਤੇ ਉਸ ਨੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਦੋਵਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕਾਨਪੁਰ 'ਚ ਖੇਡਿਆ ਗਿਆ, ਜੋ ਡਰਾਅ 'ਤੇ ਖਤਮ ਹੋਇਆ। ਇਹ ਸੀਰੀਜ਼ ਦਾ ਦੂਜਾ ਤੇ ਆਖਰੀ ਮੈਚ ਸੀ।
ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 325 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ ਸਿਰਫ 62 ਦੌੜਾਂ 'ਤੇ ਆਲ ਆਊਟ ਹੋ ਗਈ। ਰਵੀਚੰਦਰਨ ਅਸ਼ਵਿਨ ਤੇ ਮੁਹੰਮਦ ਸਿਰਾਜ ਦੀ ਜੋੜੀ ਨੇ ਪਹਿਲੀ ਪਾਰੀ ਵਿੱਚ ਮਹਿਮਾਨ ਟੀਮ ਦੀ ਕਮਰ ਤੋੜ ਦਿੱਤੀ। ਦੂਜੀ ਪਾਰੀ ਵਿੱਚ ਭਾਰਤੀ ਟੀਮ ਨੇ 276 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ।
ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ 540 ਦੌੜਾਂ ਦਾ ਕੁੱਲ ਟੀਚਾ ਮਿਲਿਆ। ਪਹਿਲਾਂ ਹੀ ਸੰਘਰਸ਼ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਹੀ ਬਣਾ ਸਕੀ। ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਹਾਵੀ ਰਿਹਾ ਤੇ ਸਿਰਫ਼ 27 ਦੌੜਾਂ 'ਤੇ 5 ਵਿਕਟਾਂ ਝਟਕਾਈਆਂ।