(Source: ECI/ABP News/ABP Majha)
Ind vs SL 2nd T20I : ਰੋਮਾਂਚਕ ਮੁਕਾਬਲੇ ' ਸ੍ਰੀਲੰਕਾ ਨੇ ਭਾਰਤ ਨੂੰ ਹਰਾਇਆ, ਇਸ ਤਰ੍ਹਾਂ ਰਿਹਾ ਪੂਰੇ ਮੈਚ ਦਾ ਹਾਲ
Ind vs SL 2nd T20I : ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਸ਼ੁਰਆਤ ਚੰਗੀ ਨਹੀਂ ਰਹੀ ਤੇ ਉਸ ਨੇ ਅਵਿਸ਼ਕਾ ਫਰਨਾਡੋ ਦਾ ਵਿਕੇਟ ਛੇਤੀ ਗਵਾ ਲਿਆ।
India vs Sri Lanka: ਸ੍ਰੀਲੰਕਾ ਨੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ20 ਮੁਕਾਬਲੇ 'ਚ ਭਾਰਤ ਨੂੰ ਚਾਰ ਵਿਕੇਟਸ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਭਾਰਤ ਤੇ ਸ੍ਰੀਲੰਕਾ ਦੇ ਵਿਚ ਇਹ ਮੁਕਾਬਲਾ ਬੁੱਧਵਾਰ ਖੇਡਿਆ ਜਾਣਾ ਸੀ। ਪਰ ਮੈਚ ਦੇ ਦਿਨ ਆਲਰਾਊਂਡਰ ਕ੍ਰੁਣਾਲ ਪਾਂਡਿਆ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਦੀ ਵਜ੍ਹਾ ਨਾਲ ਇਸ ਮੈਚ ਨੂੰ ਇਕ ਦਿਨ ਲਈ ਰੱਦ ਕੀਤਾ ਗਿਆ ਸੀ।
ਭਾਰਤ ਨੇ ਇਸ ਮੈਚ ਵਿਚ ਦੇਵਦੱਤ ਪਡੀਕਲ, ਰਿਤੁਰਾਜ ਗਾਇਕਵਾੜ, ਨਿਤਿਸ਼ ਰਾਣਾ ਤੇ ਚੇਤਨ ਸਕਾਰਿਆ ਨੂੰ ਮੌਕਾ ਦਿੱਤਾ। ਜਿੰਨ੍ਹਾਂ ਨੇ ਇਸ ਮੈਚ ਨਾਲ ਅੰਤਰ-ਰਾਸ਼ਟਰੀ ਟੀ20 'ਚ ਡੈਬਿਊ ਕੀਤਾ।
ਭਾਰਤ ਨੇ ਇਸ ਮੈਚ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ ਪੰਜ ਵਿਕਟਾਂ 'ਤੇ 132 ਰਨ ਬਣਾਏ ਸਨ। ਭਾਰਤ ਵੱਲੋਂ ਕਪਤਾਨ ਸ਼ਿਖਰ ਧਵਨ ਨੇ 42 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 40 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੇ ਸ੍ਰੀਲੰਕਾ ਨੇ 19.4 ਓਵਰ 'ਚ ਛੇ ਵਿਕਟਾਂ 'ਤੇ 133 ਰਨ ਬਣਾ ਕੇ ਮੈਚ ਜਿੱਤ ਲਿਆ। ਸ੍ਰੀਲੰਕਾ ਦੀ ਇਸ ਜਿੱਤ ਦੇ ਹੀਰੋ ਰਹੇ ਧਨੰਜਯ ਡੀ ਸਿਲਵਾ। ਸਿਲਵਾ ਨੇ 34 ਗੇਂਦਾਂ 'ਚ 40 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਇਕ ਚੌਕਾ ਤੇ ਇਕ ਛੱਕਾ ਲਾਇਆ।
ਸ੍ਰੀਲੰਕਾ ਲਈ ਧਨੰਜਯ ਡੀ ਸਿਲਵਾ ਨੇ 34 ਗੇਂਦਾਂ 'ਤੇ ਇਕ ਚੌਕਾ ਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ 40 ਰਨ ਤੇ ਚਮੀਕਾ ਕਰੁਣਾਰਤਨੇ ਨੇ ਛੇ ਗੇਂਦਾਂ 'ਤੇ ਇਕ ਛੱਕੇ ਨਾਲ 12 ਨਾਬਾਦ ਰਨਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਦੋ ਵਿਕੇਟ ਲਏ ਜਦਕਿ ਰਾਹੁਲ ਚਾਹਰ, ਵਰੁਣ ਚਕ੍ਰਵਰਤੀ, ਭੁਵਨੇਸ਼ਵਰ ਕੁਮਾਰ ਤੇ ਚੇਤਨ ਸਕਾਰਿਆ ਨੂੰ ਇਕ-ਇਕ ਵਿਕੇਟ ਮਿਲਿਆ।
ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਸ਼ੁਰਆਤ ਚੰਗੀ ਨਹੀਂ ਰਹੀ ਤੇ ਉਸ ਨੇ ਅਵਿਸ਼ਕਾ ਫਰਨਾਡੋ ਦਾ ਵਿਕੇਟ ਛੇਤੀ ਗਵਾ ਲਿਆ। ਇਸ ਤੋਂ ਕੁਝ ਦੇਰ ਬਾਅਦ ਸਦੀਰਾ ਵੀ ਆਊਟ ਹੋ ਗਏ। ਫਿਰ ਕਪਤਾਨ ਦਾਸੁਨ ਸ਼ਨਾਕਾ ਨੂੰ ਕੁਲਦੀਪ ਨੇ ਆਪਣੀ ਸ਼ਿਕਾਰ ਬਣਾਇਆ।
ਮਿਨੋਦ ਭਾਨੁਕਾ ਨੇ ਕੁਝ ਦੇਰ ਟਿਕ ਕੇ ਪਾਰੀ ਨੂੰ ਸੰਭਾਲਣ ਲਈ ਕੋਸ਼ਿਸ਼ ਕੀਤੀ। ਪਰ ਉਹ ਬਹੁਤ ਦੇਰ ਸੰਘਰਸ਼ ਨਹੀਂ ਕਰ ਸਕੇ ਤੇ 31 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 36 ਰਨ ਬਣਾ ਕੇ ਚੌਥੇ ਬੱਲੇਬਾਜ਼ ਦੇ ਰੂਪ 'ਚ ਆਊਟ ਹੋ ਗਏ। ਇਸ ਤੋਂ ਕੁਝ ਦੇਰ ਬਾਅਦ ਵਨਿੰਦੂ ਹਸਾਰੰਗਾ ਵੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਚੇਤਨ ਸਕਾਰਿਆ ਨੇ ਰਮੇਸ਼ ਮੇਂਡਿਸ ਨੂੰ ਆਊਟ ਕੀਤਾ ਜੋ ਉਨ੍ਹਾਂ ਦੇ ਅੰਤਰ-ਰਾਸ਼ਟਰੀ ਟੀ-20 ਦਾ ਪਹਿਲਾ ਵਿਕੇਟ ਸਾਬਿਤ ਹੋਇਆ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗੀ ਸ਼ਰੂਆਤ ਵੱਲ ਧਵਨ ਤੇ ਗਾਇਕਵਾੜ ਨੇ ਪਹਿਲੇ ਵਿਕੇਟ ਲਈ 49 ਰਨ ਜੋੜੇ। ਹਾਲਾਂਕਿ ਰਿਤੂਰਾਜ 21 ਦੌੜਾਂ 'ਤੇ ਆਊਟ ਹੋ ਗਏ ਤੇ ਇਹ ਸਾਂਝੇਦਾਰੀ ਟੁੱਟ ਗਈ। ਇਸ ਤੋਂ ਬਾਅਦ ਧਵਨ ਤੇ ਪਡਿਕਲ ਨੇ ਪਾਰੀ ਅੱਗੇ ਵਧਾਈ। ਪਰ ਧਵਨ ਆਪਣਾ ਵਿਕੇਟ ਗਵਾ ਬੈਠੇ ਤੇ ਅਰਧ ਸੈਂਕੜਾ ਲਾਉਣ ਤੋਂ ਖੁੰਝ ਗਏ।
ਇਸ ਤੋਂ ਕੁਝ ਦੇਰ ਬਾਅਦ ਪਡਿਕਲ ਵੀ ਤੀਜੇ ਬੱਲੇਬਾਜ਼ ਦੇ ਰੂਪ 'ਚ 29 ਦੌੜਾਂ ਬਣਾ ਕੇ ਆਊਟ ਹੋ ਗਏ। ਵਿਕੇਟਕੀਪਰ ਬੱਲੇਬਾਜ਼ ਸੰਜੂ ਸੈਮਸਨ ਵੀ ਕਮਾਲ ਨਾ ਦਿਖਾ ਸਕੇ ਤੇ 13 ਗੇਂਦਾ 'ਤੇ ਸੱਤ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਫਿਰ ਨਿਤਿਸ਼ ਵੀ 9 ਦੌੜਾਂ 'ਤੇ ਆਪਣਾ ਵਿਕੇਟ ਗਵਾ ਬੈਠੇ।
ਭਾਰਤ ਦੀ ਪਾਰੀ 'ਚ ਭੁਵਨੇਸ਼ਵਰ ਕੁਮਾਰ 13 ਤੇ ਨਵਦੀਪ ਸੈਨੀ ਇਕ ਰਨ ਬਣਾ ਕੇ ਨਾਬਾਦ ਰਹੇ। ਸ੍ਰੀਲੰਕਾ ਵੱਲੋਂ ਅਕੀਲਾ ਧਨੰਜਯ ਨੇ ਦੋ ਵਿਕੇਟ ਲਏ, ਜਦਕਿ ਹਸਾਰੰਗਾ, ਸ਼ਨਾਕਾ ਤੇਦੁਸ਼ਮੰਤਾ ਚਮੀਰਾ ਨੂੰ ਇਕ-ਇਕ ਵਿਕੇਟ ਮਿਲਿਆ। ਹੁਣ ਸੀਰੀਜ਼ ਦਾ ਅੰਤਿਮ ਤੇ ਤੀਜਾ ਟੀ20 ਮਕਾਬਲਾ ਖੇਡਿਆ ਜਾਵੇਗਾ।