ISRO ਨੇ ‘ਬਾਹੁਬਲੀ’ ਰਵਾਨਾ ਕਰ ਰਚਿਆ ਇਤਿਹਾਸ, LVM3 ਰਾਕੇਟ ਨਾਲ ਦੁਨੀਆ ਦਾ ਸਭ ਤੋਂ ਭਾਰੀ ਸੈਟੇਲਾਈਟ ਬਲੂਬਰਡ ਬਲਾਕ-3 ਲਾਂਚ
ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਇੱਕ ਵਾਰ ਫਿਰ ਦੁਨੀਆ ਨੂੰ ਆਪਣੀ ਤਾਕਤ ਅਤੇ ਭਰੋਸੇ ਦਾ ਅਹਿਸਾਸ ਕਰਵਾ ਦਿੱਤਾ ਹੈ। ਘੱਟ ਬਜਟ, ਸਟੀਕ ਤਕਨੀਕ ਅਤੇ ਵੱਡੀ ਜ਼ਿੰਮੇਵਾਰੀ ਨਾਲ ISRO ਨੇ ਬੁੱਧਵਾਰ ਸਵੇਰੇ ਇਤਿਹਾਸ ਰਚਦਿਆਂ ਆਪਣੇ ਸਭ ਤੋਂ ਤਾਕਤਵਰ...

ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਇੱਕ ਵਾਰ ਫਿਰ ਦੁਨੀਆ ਨੂੰ ਆਪਣੀ ਤਾਕਤ ਅਤੇ ਭਰੋਸੇ ਦਾ ਅਹਿਸਾਸ ਕਰਵਾ ਦਿੱਤਾ ਹੈ। ਘੱਟ ਬਜਟ, ਸਟੀਕ ਤਕਨੀਕ ਅਤੇ ਵੱਡੀ ਜ਼ਿੰਮੇਵਾਰੀ ਨਾਲ ISRO ਨੇ ਬੁੱਧਵਾਰ ਸਵੇਰੇ ਇਤਿਹਾਸ ਰਚਦਿਆਂ ਆਪਣੇ ਸਭ ਤੋਂ ਤਾਕਤਵਰ ਰਾਕੇਟ LVM3 ਰਾਹੀਂ ਅਮਰੀਕਾ ਦਾ ਅਗਲੀ ਪੀੜ੍ਹੀ ਦਾ ਕਮਿਊਨੀਕੇਸ਼ਨ ਸੈਟੇਲਾਈਟ ਸਫ਼ਲਤਾਪੂਰਵਕ ਅੰਤਰਿਕਸ਼ ਵਿੱਚ ਪਹੁੰਚਾ ਦਿੱਤਾ। ਇਹ ਮਿਸ਼ਨ ਨਾ ਸਿਰਫ਼ ਤਕਨੀਕੀ ਉਪਲਬਧੀ ਹੈ, ਸਗੋਂ ਭਾਰਤ ਨੂੰ ਅੰਤਰਿਕਸ਼ ਖੇਤਰ ਵਿੱਚ ਇੱਕ ਭਰੋਸੇਯੋਗ ਗਲੋਬਲ ਲੀਡਰ ਵਜੋਂ ਮਜ਼ਬੂਤੀ ਨਾਲ ਸਥਾਪਤ ਕਰਦਾ ਹੈ।
ਇਹ ਮਿਸ਼ਨ ਨਿਊਸਪੇਸ ਇੰਡੀਆ ਲਿਮਿਟੇਡ (NSIL) ਅਤੇ AST ਸਪੇਸਮੋਬਾਈਲ ਵਿਚਕਾਰ ਹੋਏ ਸਮਝੌਤੇ ਤਹਿਤ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਰਾਹੀਂ ਲੋ ਅਰਥ ਆਰਬਿਟ (LEO) ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸੰਚਾਰ ਸੈਟੇਲਾਈਟ ਤੈਨਾਤ ਕੀਤਾ ਜਾਵੇਗਾ, ਜੋ ਆਮ ਸਮਾਰਟਫੋਨਾਂ ਨੂੰ ਸਿੱਧੇ ਅੰਤਰਿਕਸ਼ ਤੋਂ ਹਾਈ-ਸਪੀਡ ਇੰਟਰਨੈੱਟ ਸੇਵਾ ਮੁਹੱਈਆ ਕਰਵਾਏਗਾ।
ਬਲੂਬਰਡ ਬਲਾਕ-2 ਸੈਟੇਲਾਈਟ ਦੀਆਂ ਖਾਸ ਵਿਸ਼ੇਸ਼ਤਾਵਾਂ
ਬਲੂਬਰਡ ਬਲਾਕ-2 ਸੈਟੇਲਾਈਟ ਵਿਸ਼ੇਸ਼ਤਾਵਾਂ ਬਲੂਬਰਡ ਬਲਾਕ-2 AST ਸਪੇਸਮੋਬਾਈਲ ਦੀ ਅਗਲੀ ਪੀੜ੍ਹੀ ਦੇ ਸੰਚਾਰ ਉਪਗ੍ਰਹਿ ਲੜੀ ਦਾ ਹਿੱਸਾ ਹੈ। ਇਹ ਸੈਟੇਲਾਈਟ ਦੁਨੀਆ ਭਰ ਦੇ ਉਹਨਾਂ ਇਲਾਕਿਆਂ ਵਿੱਚ ਮੋਬਾਈਲ ਕਨੈਕਟਿਵਿਟੀ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਗਈ ਹੈ, ਜਿੱਥੇ ਜ਼ਮੀਨੀ ਨੈੱਟਵਰਕ ਨਹੀਂ ਪਹੁੰਚ ਸਕਦੇ। ਇਸ ਦਾ ਮੁੱਖ ਮਕਸਦ ਦੂਰ-ਦੁਰਾਡੇ ਅਤੇ ਨੈੱਟਵਰਕ ਤੋਂ ਵੰਚਿਤ ਖੇਤਰਾਂ ਨੂੰ ਸਿੱਧੀ ਸੈਟੇਲਾਈਟ ਕਨੈਕਟਿਵਿਟੀ ਨਾਲ ਜੋੜਣਾ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ।ਵਜ਼ਨ: ਲਗਭਗ 6100 ਤੋਂ 6500 ਕਿਲੋਗ੍ਰਾਮ। ਇਹ LVM3 ਰਾਕੇਟ ਰਾਹੀਂ ਭਾਰਤੀ ਧਰਤੀ ਤੋਂ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ।
ਆਕਾਰ: ਇਸ ਵਿੱਚ 223 ਵਰਗ ਮੀਟਰ (ਕਰੀਬ 2,400 ਸਕਵੈਅਰ ਫੁੱਟ) ਦਾ ਫੇਜ਼ਡ ਐਰੇ ਐਂਟੀਨਾ ਲੱਗਿਆ ਹੋਇਆ ਹੈ, ਜੋ ਇਸਨੂੰ ਲੋ ਅਰਥ ਆਰਬਿਟ ਵਿੱਚ ਤੈਨਾਤ ਹੋਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸੰਚਾਰ ਸੈਟੇਲਾਈਟ ਬਣਾਉਂਦਾ ਹੈ।
ਸਮਰੱਥਾ: ਇਹ 4G ਅਤੇ 5G ਨੈੱਟਵਰਕ ਨੂੰ ਸਹਿਯੋਗ ਦਿੰਦਾ ਹੈ ਅਤੇ ਆਮ ਸਮਾਰਟਫੋਨਾਂ ਨੂੰ ਸਿੱਧੇ ਅੰਤਰਿਕਸ਼ ਤੋਂ ਹਾਈ-ਸਪੀਡ ਬ੍ਰਾਡਬੈਂਡ ਸੇਵਾ ਪ੍ਰਦਾਨ ਕਰੇਗਾ।
ਸਪੀਡ: ਹਰ ਕਵਰੇਜ ਸੈੱਲ ਵਿੱਚ 120 Mbps ਤੱਕ ਦੀ ਪੀਕ ਡਾਟਾ ਸਪੀਡ ਮਿਲ ਸਕੇਗੀ, ਜਿਸ ਨਾਲ ਵਾਇਸ ਕਾਲ, ਵੀਡੀਓ ਕਾਲ, ਟੈਕਸਟ, ਸਟ੍ਰੀਮਿੰਗ ਅਤੇ ਡਾਟਾ ਸੇਵਾਵਾਂ ਸੁਚਾਰੂ ਤਰੀਕੇ ਨਾਲ ਚੱਲ ਸਕਣਗੀਆਂ।
ਉਦੇਸ਼: ਇਹ ਸੈਟੇਲਾਈਟ AST ਸਪੇਸਮੋਬਾਈਲ ਦੀ ਗਲੋਬਲ ਕਾਂਸਟੇਲੇਸ਼ਨ ਦਾ ਹਿੱਸਾ ਹੈ, ਜੋ ਦੁਨੀਆ ਭਰ ਵਿੱਚ 24/7 ਕਨੈਕਟਿਵਿਟੀ ਉਪਲਬਧ ਕਰਵਾਏਗੀ। ਇਸ ਨਾਲ ਦੂਰ-ਦੁਰਾਡੇ ਇਲਾਕਿਆਂ, ਸਮੁੰਦਰਾਂ ਅਤੇ ਪਹਾੜੀ ਖੇਤਰਾਂ ਵਿੱਚ ਵੀ ਮੋਬਾਈਲ ਨੈੱਟਵਰਕ ਪਹੁੰਚੇਗਾ।
ਪਿਛਲੀਆਂ ਸੈਟੇਲਾਈਟਾਂ: ਕੰਪਨੀ ਨੇ ਸਤੰਬਰ 2024 ਵਿੱਚ ਬਲੂਬਰਡ 1 ਤੋਂ 5 ਸੈਟੇਲਾਈਟਾਂ ਲਾਂਚ ਕੀਤੀਆਂ ਸਨ, ਜੋ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿੱਚ ਲਗਾਤਾਰ ਇੰਟਰਨੈੱਟ ਕਵਰੇਜ ਪ੍ਰਦਾਨ ਕਰ ਰਹੀਆਂ ਹਨ। ਬਲੂਬਰਡ ਬਲਾਕ-2 ਵਿੱਚ ਇਸ ਤੋਂ ਲਗਭਗ 10 ਗੁਣਾ ਵੱਧ ਬੈਂਡਵਿਡਥ ਸਮਰੱਥਾ ਹੈ।
ਇਹ ਸੈਟੇਲਾਈਟ ਕਰੀਬ 600 ਕਿਲੋਮੀਟਰ ਉਚਾਈ ਵਾਲੀ ਲੋ ਅਰਥ ਆਰਬਿਟ ਵਿੱਚ ਤੈਨਾਤ ਕੀਤੀ ਜਾਵੇਗੀ।






















