Jasprit Bumrah: ਭਾਰਤ ਦੇ ਦਿੱਗਜ਼ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਕ ਵਾਰ ਫਿਰ ਆਪਣੀ ਕਾਬਲਿਅਤ ਸਾਬਤ ਕਰਦਿਆਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਨਾਂ ਸੁਨਹਿਰੇ ਅੱਖਰਾਂ 'ਚ ਦਰਜ ਕਰਵਾ ਲਿਆ ਹੈ। ਬੁਮਰਾਹ ਨੇ ਹਾਲ ਹੀ ਵਿੱਚ ਆਈਸੀਸੀ ਦੀ ਨਵੀਂ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ਹਾਸਲ ਕਰਕੇ ਦੁਨੀਆ ਦੇ ਸਾਬਕਾ ਮਹਾਨ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਪ੍ਰਾਪਤੀ ਨਾਲ ਬੁਮਰਾਹ (Jasprit Bumrah) ਦੇ ਫੈਨਜ਼ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਇਸ ਨਾਲ ਵਿਰੋਧੀ ਟੀਮਾਂ ਦੀ ਚਿੰਤਾ ਵੱਧ ਗਈ ਹੈ।
ਹੋਰ ਪੜ੍ਹੋ : IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
ਜਸਪ੍ਰੀਤ ਬੁਮਰਾਹ ਦੀ ਖਾਸ ਪਹਿਚਾਣ ਉਨ੍ਹਾਂ ਦੀ ਗੇਂਦਬਾਜ਼ੀ ਸ਼ੈਲੀ ਅਤੇ ਯਾਰਕਰ ਡਿਲੀਵਰੀਜ਼ ਕਰਵਾਉਣ ਦੀ ਸਮਰਥਾ ਹੈ। ਉਸ ਦੀ ਇਹ ਵਿਲੱਖਣ ਗੇਂਦਬਾਜ਼ੀ ਟੈਕਨੀਕ ਹੀ ਉਨ੍ਹਾਂ ਨੂੰ ਵਿਸ਼ੇਸ਼ ਬਣਾਉਂਦੀ ਹੈ। ਜਦੋਂ ਬੁਮਰਾਹ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਉੱਚ ਫਾਰਮ ਵਿੱਚ ਸਨ, ਉਹਨਾਂ ਨੇ ਆਪਣੀ ਗੇਂਦਬਾਜ਼ੀ ਨਾਲ ਕਈ ਮੁਕਾਬਲਿਆਂ ਵਿੱਚ ਟੀਮ ਇੰਡੀਆ ਨੂੰ ਜਿੱਤ ਹਾਸਲ ਕਰਵਾਈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਰਥ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਟੈਸਟ ਕ੍ਰਿਕਟ 'ਚ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ 'ਚ ਬੁਮਰਾਹ ਨੇ ਦੋ ਦਿੱਗਜਾਂ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਪਰਥ 'ਚ ਖੇਡੇ ਗਏ ਪਹਿਲੇ ਟੈਸਟ 'ਚ ਅੱਠ ਵਿਕਟਾਂ ਲਈਆਂ ਸਨ। ਬੁਮਰਾਹ ਨੇ ਪਹਿਲੀ ਪਾਰੀ ਵਿੱਚ ਪੰਜ ਅਤੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਲਈਆਂ। ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਬੁਮਰਾਹ ਨੇ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਦੋ ਮਹਾਨ ਗੇਂਦਬਾਜ਼ਾਂ ਨੂੰ ਹਰਾਇਆ। ਬੁਮਰਾਹ ਹੁਣ ਟੈਸਟ ਦੇ ਨੰਬਰ-1 ਗੇਂਦਬਾਜ਼ ਬਣ ਗਏ ਹਨ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਮਾਰੂ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਆਈਸੀਸੀ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਸਨ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਦੂਜੇ ਸਥਾਨ 'ਤੇ ਰਹੇ। ਭਾਰਤ ਦਾ ਬੁਮਰਾਹ ਤੀਜੇ ਸਥਾਨ 'ਤੇ ਰਿਹਾ। ਹੁਣ ਬੁਮਰਾਹ ਨੇ ਇਨ੍ਹਾਂ ਦੋ ਤੇਜ਼ ਗੇਂਦਬਾਜ਼ਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਜਸਪ੍ਰੀਤ ਬੁਮਰਾਹ ਦੇ ਹੁਣ ਤਾਜ਼ਾ ਆਈਸੀਸੀ ਰੈਂਕਿੰਗ ਵਿੱਚ 883 ਰੇਟਿੰਗ ਅੰਕ ਹਨ। ਜਦਕਿ ਕਾਗਿਸੋ ਰਬਾਡਾ ਦੇ ਹੁਣ 872 ਰੇਟਿੰਗ ਅੰਕ ਹਨ। ਰਬਾਡਾ ਹੁਣ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਇਸ ਤੋਂ ਇਲਾਵਾ ਜੋਸ਼ ਹੇਜ਼ਲਵੁੱਡ 860 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।
ਇਹ ਪ੍ਰਾਪਤੀ ਨਾ ਸਿਰਫ ਜਸਪ੍ਰੀਤ ਬੁਮਰਾਹ ਲਈ ਇੱਕ ਯਾਦਗਾਰ ਪਲ ਹੈ ਸਗੋਂ ਭਾਰਤ ਲਈ ਵੀ ਗੌਰਵ ਦੀ ਗੱਲ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਕ ਖਿਡਾਰੀ ਵਿੱਚ ਕਾਬਲਿਅਤ ਅਤੇ ਮਿਹਨਤ ਦਾ ਜਜ਼ਬਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ।