ਆਰ ਅਸ਼ਵਿਨ ਨੇ ਤੋੜਿਆ ਰਿਚਰਡ ਹੈਡਲੀ ਦਾ ਰਿਕਾਰਡ, ਹੁਣ ਟੈਸਟ ਦੇ ਟਾਪ-10 ਗੇਂਦਬਾਜ਼ਾਂ 'ਚ ਐਂਟਰੀ ਦੀ ਤਿਆਰ
ਅਸ਼ਵਿਨ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟਾਪ-10 ਗੇਂਦਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਫਿਲਹਾਲ ਉਹ 432 ਵਿਕਟਾਂ ਲੈ ਕੇ 11ਵੇਂ ਨੰਬਰ 'ਤੇ ਹਨ।
ਮੁਹਾਲੀ: ਭਾਰਤ-ਸ੍ਰੀਲੰਕਾ (India-Sri Lanka) ਵਿਚਾਲੇ ਮੁਹਾਲੀ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਆਰ. ਅਸ਼ਵਿਨ (R. Ashwin) ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਸ੍ਰੀਲੰਕਾ ਦੀਆਂ 2 ਵਿਕਟਾਂ ਲੈ ਕੇ ਉਹ ਟੈਸਟ ਕ੍ਰਿਕਟ ਦੇ 11ਵੇਂ ਸਭ ਤੋਂ ਸਫ਼ਲ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਰਿਚਰਡ ਹੈਡਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਉਨ੍ਹਾਂ ਦੀ ਤਿਆਰੀ ਟਾਪ-10 'ਚ ਐਂਟਰੀ ਦੀ ਹੈ।
ਦੂਜੇ ਦਿਨ ਦੇ ਆਖਰੀ ਸੈਸ਼ਨ 'ਚ ਕੀਤਾ ਕਮਾਲ
ਮੋਹਾਲੀ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਦੇ ਵੱਡੇ ਸਕੋਰ ਸਾਹਮਣੇ ਸ੍ਰੀਲੰਕਾ ਦੀ ਟੀਮ ਨੇ ਵੀ ਦਮਦਾਰ ਸ਼ੁਰੂਆਤ ਕੀਤੀ। ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 50 ਦੌੜਾਂ ਦੀ ਭਾਈਵਾਲੀ ਕੀਤੀ ਪਰ ਇੱਥੋਂ ਆਰ. ਅਸ਼ਵਿਨ ਨੇ ਆਪਣਾ ਜਾਦੂ ਚਲਾਇਆ ਤੇ ਲਹਿਰੂ ਥਿਰੀਮਾਨੇ ਨੂੰ ਐਲਬੀਡਬਲਿਊ ਆਊਟ ਕਰ ਦਿੱਤਾ।
ਇਸ ਵਿਕਟ ਨਾਲ ਉਨ੍ਹਾਂ ਨੇ ਰਿਚਰਡ ਹੈਡਲੀ ਦੀਆਂ 431 ਟੈਸਟ ਵਿਕਟਾਂ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਬਾਅਦ ਦਿਨ ਦੇ ਆਖਰੀ ਓਵਰਾਂ 'ਚ ਉਨ੍ਹਾਂ ਨੇ ਧਨੰਜੈ ਡੀ ਸਿਲਵਾ ਨੂੰ ਵੀ ਪੈਵੇਲੀਅਨ ਭੇਜਿਆ। ਇਸ ਵਿਕਟ ਦੇ ਨਾਲ ਉਨ੍ਹਾਂ ਨੇ ਰਿਚਰਡ ਹੈਡਲੀ ਨੂੰ ਪਿੱਛੇ ਛੱਡ ਦਿੱਤਾ ਅਤੇ ਆਪਣਾ ਨਾਂ ਟੈਸਟ ਦੇ ਸਰਵੋਤਮ-11 ਗੇਂਦਬਾਜ਼ਾਂ 'ਚ ਸ਼ਾਮਲ ਕਰ ਲਿਆ।
ਹੁਣ ਟਾਪ-10 'ਚ ਆਉਣ ਦੀ ਤਿਆਰੀ
ਅਸ਼ਵਿਨ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟਾਪ-10 ਗੇਂਦਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਫਿਲਹਾਲ ਉਹ 432 ਵਿਕਟਾਂ ਲੈ ਕੇ 11ਵੇਂ ਨੰਬਰ 'ਤੇ ਹਨ। ਉਹ ਸ੍ਰੀਲੰਕਾ ਦੇ ਰੰਗਨਾ ਹੇਰਾਥ (433), ਭਾਰਤ ਦੇ ਕਪਿਲ ਦੇਵ (434) ਤੇ ਦੱਖਣੀ ਅਫ਼ਰੀਕਾ ਦੇ ਡੇਲ ਸਟੇਨ (439) ਤੋਂ ਪਿੱਛੇ ਹਨ। ਅਸ਼ਵਿਨ ਸ੍ਰੀਲੰਕਾ ਖ਼ਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ 'ਚ ਇਨ੍ਹਾਂ ਤਿੰਨ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਕੇ 8ਵੇਂ ਸਥਾਨ 'ਤੇ ਆ ਸਕਦਾ ਹੈ।
ਮੋਹਾਲੀ ਟੈਸਟ 'ਚ ਭਾਰਤ ਦੀ ਪਕੜ ਮਜ਼ਬੂਤ
ਮੋਹਾਲੀ ਟੈਸਟ ਦੇ ਦੂਜੇ ਦਿਨ ਟੀਮ ਇੰਡੀਆ ਨੇ ਸ੍ਰੀਲੰਕਾ ਦੀ ਪਾਰੀ 'ਚ 4 ਵਿਕਟਾਂ ਲੈ ਕੇ ਸਿਰਫ਼ 108 ਦੌੜਾਂ 'ਤੇ 574 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਸ੍ਰੀਲੰਕਾ ਟੀਮ ਅਜੇ ਵੀ 466 ਦੌੜਾਂ ਪਿੱਛੇ ਹੈ। ਅਜਿਹੇ 'ਚ ਭਾਰਤ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਡਰਾਈਵਿੰਗ ਸੀਟ 'ਤੇ ਹੈ।