ਵਰਲਡ ਕੱਪ 'ਚ ਟੀਮ ਇੰਡੀਆ ਦੀ ਵੱਡੀ ਜਿੱਤ, ਪਾਕਿਸਤਾਨ ਨੂੰ 88 ਰਨਾਂ ਨਾਲ ਹਰਾਇਆ, 12-0 ਦਾ ਰਿਕਾਰਡ ਬਰਕਰਾਰ
'ਮਾਰੀ ਛੋਰੀਆਂ ਛੋਰੋ ਸੇ ਕਮ ਹੈ ਕੇ' ਜੀ ਹਾਂ ਇਹ ਮਹਿਲਾ ਟੀਮ ਇੰਡੀਆ ਨੇ ਕਮਾਲ ਕਰ ਦਿਖਾਇਆ ਹੈ। ਮਹਿਲਾ ਵਰਲਡ ਕੱਪ 2025 ਵਿੱਚ ਭਾਰਤ ਨੇ ਪਾਕਿਸਤਾਨ ਨੂੰ 88 ਰਨਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਟੀਮ ਇੰਡੀਆ ਨੇ ਵਨਡੇ ਕ੍ਰਿਕਟ...

'ਮਾਰੀ ਛੋਰੀਆਂ ਛੋਰੋ ਸੇ ਕਮ ਹੈ ਕੇ' ਜੀ ਹਾਂ ਇਹ ਗੱਲ ਮੁੜ ਤੋਂ ਮਹਿਲਾ ਟੀਮ ਨੇ ਸਾਬਿਤ ਕਰ ਦਿੱਤੀ ਹੈ। ਮਹਿਲਾ ਵਰਲਡ ਕੱਪ 2025 ਵਿੱਚ ਭਾਰਤ ਨੇ ਪਾਕਿਸਤਾਨ ਨੂੰ 88 ਰਨਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਟੀਮ ਇੰਡੀਆ ਨੇ ਵਨਡੇ ਕ੍ਰਿਕਟ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣਾ ਅਜੇਯ ਰਿਕਾਰਡ ਕਾਇਮ ਰੱਖਿਆ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਹੁਣ ਤੱਕ 12 ਵਨਡੇ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਹਰ ਵਾਰ ਭਾਰਤ ਨੇ ਜਿੱਤ ਦਰਜ ਕੀਤੀ ਹੈ। ਕੋਲੰਬੋ ਵਿੱਚ ਖੇਡੇ ਗਏ ਇਸ ਵਰਲਡ ਕੱਪ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ 247 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਪੂਰੀ ਪਾਕਿਸਤਾਨੀ ਟੀਮ ਸਿਰਫ਼ 159 ਰਨਾਂ 'ਤੇ ਆਊਟ ਹੋ ਗਈ।
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡਿਯਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਧੀਮੀ ਪਿੱਚ 'ਤੇ ਕੋਈ ਵੀ ਭਾਰਤੀ ਬੱਲੇਬਾਜ਼ ਅੱਧ ਸੈਂਚਰੀ ਨਹੀਂ ਜੜ ਸਕਿਆ। ਭਾਰਤ ਵੱਲੋਂ ਹਰਲੀਨ ਦਿਓਲ ਨੇ ਸਭ ਤੋਂ ਵੱਧ 46 ਰਨ ਬਣਾਏ। ਪ੍ਰਤਿਕਾ ਰਾਵਲ ਨੇ 31 ਅਤੇ ਜੈਮੀਮਾ ਰੋਡਰੀਗਜ਼ ਨੇ 32 ਰਨ ਬਣਾਏ, ਜਦਕਿ ਅਖੀਰਲੇ ਓਵਰਾਂ ਵਿੱਚ ਰਿਚਾ ਘੋਸ਼ ਨੇ ਸਿਰਫ਼ 20 ਗੇਂਦਾਂ 'ਤੇ 35 ਰਨਾਂ ਦੀ ਤਿੱਖੀ ਪਾਰੀ ਖੇਡੀ ਅਤੇ ਭਾਰਤੀ ਟੀਮ ਨੂੰ 247 ਦੇ ਸਕੋਰ ਤੱਕ ਪਹੁੰਚਾਇਆ।
ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ
ਜਵਾਬੀ ਪਾਰੀ ਵਿੱਚ ਪਾਕਿਸਤਾਨ ਦੀ ਟੀਮ ਦਾ ਹਾਲ ਬਹੁਤ ਮਾੜਾ ਰਿਹਾ। ਸਿਰਫ਼ 20 ਰਨ ਬਣਾਉਣ ਤੱਕ ਹੀ ਉਹਨਾਂ ਨੇ ਦੋਵੇਂ ਓਪਨਰ ਬੱਲੇਬਾਜ਼ਾਂ ਦੇ ਵਿਕਟ ਗਵਾ ਦਿੱਤੇ ਸਨ। ਇਸ ਦੌਰਾਨ ਓਪਨਰ ਮੁਨੀਬਾ ਅਲੀ ਦੀ ਵਿਕਟ ਖ਼ਾਸ ਚਰਚਾ ਵਿੱਚ ਰਹੀ। ਉਨ੍ਹਾਂ ਨੂੰ ਥਰਡ ਅੰਪਾਇਰ ਨੇ 2 ਵਾਰੀ ਵੀਡੀਓ ਰੀਪਲੇ ਦੇਖਣ ਤੋਂ ਬਾਅਦ ਰਨ ਆਉਟ ਕਰਾਰ ਦਿੱਤਾ। ਪਹਿਲੇ 20 ਓਵਰਾਂ ਵਿੱਚ ਪਾਕ ਟੀਮ ਦੀ ਰਨ ਰੇਟ 3 ਤੋਂ ਵੀ ਘੱਟ ਰਹੀ।
ਜਿਵੇਂ-ਤਿਵੇਂ ਸਿਦਰਾ ਅਮੀਨ ਅਤੇ ਨਤਾਲੀਆ ਪਰਵੇਜ਼ ਨੇ 69 ਰਨਾਂ ਦੀ ਭਾਗੀਦਾਰੀ ਕਰਕੇ ਪਾਕਿਸਤਾਨ ਟੀਮ ਨੂੰ ਮੁਸ਼ਕਲ ਹਾਲਾਤਾਂ ਤੋਂ ਕੁਝ ਹੱਦ ਤੱਕ ਬਚਾਇਆ। ਪਰਵੇਜ਼ 39 ਰਨ ਬਣਾ ਕੇ ਆਉਟ ਹੋਈ। ਉਸ ਤੋਂ ਬਾਅਦ ਕਪਤਾਨ ਫਾਤਿਮਾ ਸਨਾ ਸਿਰਫ਼ 2 ਰਨ ਬਣਾ ਕੇ ਪੈਵਿਲਿਅਨ ਵਾਪਸ ਗਈ। ਪਾਕਿਸਤਾਨ ਟੀਮ ਨੇ ਆਪਣੇ ਆਖਰੀ 5 ਵਿਕਟ ਕੇਵਲ 16 ਰਨਾਂ ਦੇ ਅੰਦਰ ਗਵਾ ਦਿੱਤੇ। ਸਿਦਰਾ ਅਮੀਨ ਦੀ 81 ਰਨਾਂ ਦੀ ਸ਼ਾਨਦਾਰ ਪਾਰੀ ਵੀ ਪਾਕਿਸਤਾਨ ਨੂੰ 88 ਰਨਾਂ ਦੀ ਵੱਡੀ ਹਾਰ ਤੋਂ ਨਹੀਂ ਬਚਾ ਸਕੀ।
12-0 ਦਾ ਅਜੇਯ ਰਿਕਾਰਡ ਕਾਇਮ
ਭਾਰਤੀ ਟੀਮ ਨੇ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਾਕਿਸਤਾਨ ਨੂੰ ਲਗਾਤਾਰ 12ਵੀਂ ਵਾਰ ਹਰਾਇਆ ਹੈ। ਦੋਵੇਂ ਟੀਮਾਂ ਪਹਿਲੀ ਵਾਰ 2005 ਵਿੱਚ ਵਨਡੇ ਮੈਚ ਵਿੱਚ ਆਹਮਣੇ-ਸਾਹਮਣੇ ਆਈਆਂ ਸਨ, ਉਸ ਤੋਂ ਲੈ ਕੇ ਅੱਜ ਤੱਕ ਹਰ ਵਾਰ ਟੀਮ ਇੰਡੀਆ ਪਾਕਿਸਤਾਨ ‘ਤੇ ਹਾਵੀ ਰਹੀ ਹੈ।




















