Virat Kohli ਲਈ ਆਖ਼ਰੀ ਮੌਕਾ ਸਾਬਤ ਹੋ ਸਕਦੀ ਹੈ ਇੰਗਲੈਂਡ ਸੀਰੀਜ਼, ਸਖ਼ਤ ਫ਼ੈਸਲਾ ਲੈਣ ਦੇ ਮੂਡ 'ਚ BCCI
IND Vs ENG: ਵਿਰਾਟ ਕੋਹਲੀ ਕੋਲ ਆਪਣੇ ਆਪ ਨੂੰ ਸਾਬਤ ਕਰਨ ਲਈ ਦੋ ਹੋਰ ਮੈਚ ਹਨ। ਇਸ ਨਾਲ ਟੀ-20 ਟੀਮ 'ਚ ਵਿਰਾਟ ਕੋਹਲੀ ਦਾ ਭਵਿੱਖ ਤੈਅ ਹੋਵੇਗਾ।

India Vs England T20 Series: ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ 7 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਾਲ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਸ ਸੀਰੀਜ਼ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੀਰੀਜ਼ ਸਾਬਕਾ ਕਪਤਾਨ ਵਿਰਾਟ ਕੋਹਲੀ ਲਈ ਟੀ-20 ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖਣ ਦਾ ਆਖਰੀ ਮੌਕਾ ਹੈ।
ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਚੋਣਕਾਰਾਂ ਨੇ ਵਿਰਾਟ ਕੋਹਲੀ ਨੂੰ ਲੈ ਕੇ ਸਖ਼ਤ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਨਸਾਈਡ ਸਪੋਰਟ ਨੂੰ ਦੱਸਿਆ, ''ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪਰ ਉਸ ਦੇ ਦੌੜਾਂ ਨਾ ਬਣਾਉਣ ਕਾਰਨ ਟੀਮ ਦੀ ਮੁਸੀਬਤ ਵਧਦੀ ਜਾ ਰਹੀ ਹੈ। ਚੋਣਕਾਰ ਫਾਰਮ ਦੇ ਆਧਾਰ 'ਤੇ ਖਿਡਾਰੀਆਂ ਦੀ ਚੋਣ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਵਿਰਾਟ ਇੰਗਲੈਂਡ ਖਿਲਾਫ਼ ਦੌੜਾਂ ਨਹੀਂ ਬਣਾਉਂਦੇ ਤਾਂ ਚੋਣਕਾਰ ਹੋਰ ਵਿਕਲਪਾਂ ਦੀ ਤਲਾਸ਼ ਕਰਨਗੇ।
ਅਕਤੂਬਰ 'ਚ ਟੀ-20 ਵਿਸ਼ਵ ਕੱਪ ਹੋਣਾ ਹੈ ਅਤੇ ਚੋਣਕਾਰਾਂ ਕੋਲ ਜੋਖਮ ਲੈਣ ਦਾ ਜ਼ਿਆਦਾ ਮੌਕਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਸੀਰੀਜ਼ ਵਿਰਾਟ ਕੋਹਲੀ ਲਈ ਕਾਫੀ ਅਹਿਮ ਹੈ। ਹਾਲਾਂਕਿ ਵਿਰਾਟ ਕੋਹਲੀ ਪਹਿਲੇ ਟੀ-20 'ਚ ਟੀਮ ਦਾ ਹਿੱਸਾ ਨਹੀਂ ਹੋਣਗੇ ਅਤੇ ਉਨ੍ਹਾਂ ਕੋਲ ਖੁਦ ਨੂੰ ਸਾਬਤ ਕਰਨ ਦੇ ਸਿਰਫ ਦੋ ਮੌਕੇ ਹੋਰ ਮਿਲ ਸਕਦੇ ਹਨ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਚੋਣਕਾਰਾਂ ਨੇ ਇਸੇ ਕਾਰਨ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਦੀ ਚੋਣ ਨਹੀਂ ਕੀਤੀ ਹੈ। ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਇੰਗਲੈਂਡ ਖਿਲਾਫ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
ਟੀ-20 ਟੀਮ 'ਚ ਵਿਰਾਟ ਕੋਹਲੀ ਦੀ ਥਾਂ ਲੈਣ ਲਈ ਟੀਮ ਇੰਡੀਆ ਕੋਲ ਕਈ ਵਿਕਲਪ ਹਨ। ਜੇਕਰ ਵਿਰਾਟ ਟੀਮ ਤੋਂ ਬਾਹਰ ਹੁੰਦੇ ਹਨ ਤਾਂ ਸੂਰਿਆਕੁਮਾਰ, ਦੀਪਕ ਹੁੱਡਾ, ਸੰਜੂ ਸੈਮਸਨ ਜਾਂ ਸ਼੍ਰੇਅਸ ਅਈਅਰ 'ਚੋਂ ਕਿਸੇ ਇੱਕ ਨੂੰ ਤੀਜੇ ਨੰਬਰ 'ਤੇ ਖੇਡਦੇ ਦੇਖਿਆ ਜਾ ਸਕਦਾ ਹੈ।




















