Hockey WC 2023: ਦੱਖਣੀ ਕੋਰੀਆ ਖਿਲਾਫ਼ ਮੈਦਾਨ 'ਚ 11 ਦੀ ਬਜਾਏ 12 ਜਾਪਾਨੀ ਖਿਡਾਰੀ, ਹੁਣ FIH ਕਰੇਗੀ ਜਾਂਚ
Hockey World Cup 2023: ਮੰਗਲਵਾਰ ਨੂੰ ਜਾਪਾਨ ਬਨਾਮ ਦੱਖਣੀ ਕੋਰੀਆ ਦੇ ਮੈਚ ਦੇ ਅੰਤਿਮ ਪਲਾਂ 'ਚ ਜਾਪਾਨ ਦੀ ਟੀਮ ਦੇ 12 ਖਿਡਾਰੀ ਮੈਦਾਨ 'ਤੇ ਮੌਜੂਦ ਸਨ।
Japan vs South Korea: ਹਾਕੀ ਵਿਸ਼ਵ ਕੱਪ 2023 (Hockey WC 2023) ਵਿੱਚ ਮੰਗਲਵਾਰ ਨੂੰ ਪਿੱਚ ਉੱਤੇ ਇੱਕ ਅਜੀਬ ਘਟਨਾ ਵਾਪਰੀ। ਇੱਥੇ, ਪੂਲ-ਬੀ ਦੇ ਇੱਕ ਮੈਚ ਵਿੱਚ, ਦੱਖਣੀ ਕੋਰੀਆ ਦੇ ਖਿਲਾਫ਼ 11 ਦੀ ਬਜਾਏ 12 ਜਾਪਾਨੀ ਖਿਡਾਰੀ ਪਿੱਚ 'ਤੇ ਖੇਡ ਰਹੇ ਸਨ। ਇੱਥੋਂ ਤੱਕ ਕਿ ਮੈਚ ਅਧਿਕਾਰੀ ਨੂੰ ਵੀ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦਾ ਖੁਲਾਸਾ ਮੈਚ ਖਤਮ ਹੋਣ ਤੋਂ ਬਾਅਦ ਹੋਇਆ। ਹੁਣ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (FIH) ਮਾਮਲੇ ਦੀ ਜਾਂਚ ਕਰੇਗਾ।
ਇਹ ਘਟਨਾ ਮੈਚ ਖਤਮ ਹੋਣ ਦੇ ਆਖਰੀ ਪਲਾਂ 'ਚ ਵਾਪਰੀ। ਮੈਚ ਵਿੱਚ ਆਖਰੀ ਦੋ ਮਿੰਟ ਬਾਕੀ ਸਨ ਅਤੇ ਜਾਪਾਨ ਨੂੰ ਪੈਨਲਟੀ ਕਾਰਨਰ ਮਿਲਿਆ। ਇੱਥੇ ਜਾਪਾਨ ਨੇ ਆਪਣੇ ਗੋਲਕੀਪਰ ਨੂੰ ਹਟਾ ਕੇ ਇੱਕ ਫਾਰਵਰਡ ਖਿਡਾਰੀ ਨੂੰ ਮੈਦਾਨ ਵਿੱਚ ਭੇਜਿਆ, ਪਰ ਇਸ ਦੇ ਨਾਲ ਹੀ ਪਿੱਚ 'ਤੇ ਜਾਪਾਨ ਦੇ ਖਿਡਾਰੀਆਂ ਦੀ ਕੁੱਲ ਗਿਣਤੀ 11 ਨੂੰ ਪਾਰ ਕਰ ਗਈ। ਵੈਸੇ ਇਸ ਪੈਨਲਟੀ ਕਾਰਨਰ 'ਤੇ ਗੋਲ ਨਹੀਂ ਹੋ ਸਕਿਆ ਅਤੇ ਜਾਪਾਨ ਦੀ ਟੀਮ 1-2 ਨਾਲ ਮੈਚ ਹਾਰ ਗਈ। ਜੇਕਰ ਇਹ ਗੋਲ ਹੋ ਜਾਂਦਾ ਤਾਂ ਮੈਚ 2-2 ਨਾਲ ਡਰਾਅ ਹੋ ਜਾਣਾ ਸੀ।
ਐੱਫਆਈਐੱਚ ਨੇ ਇਸ ਮਾਮਲੇ 'ਚ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ, 'ਮੈਚ ਤੋਂ ਬਾਅਦ ਐੱਫਆਈਐੱਚ ਅਧਿਕਾਰੀ, ਜਿਸ ਨੇ ਉਸ ਸਮੇਂ ਇਸ ਸਥਿਤੀ 'ਤੇ ਧਿਆਨ ਨਹੀਂ ਦਿੱਤਾ, ਨੇ ਇਸ ਮਾਮਲੇ 'ਤੇ ਜਾਪਾਨੀ ਟੀਮ ਨਾਲ ਗੱਲ ਕੀਤੀ। ਜਾਪਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਇਸ ਲਈ ਮੁਆਫੀ ਮੰਗੀ। ਐਫਆਈਐਚ ਦੇ ਅਧਿਕਾਰੀ ਨੇ ਇਸ ਮਾਮਲੇ 'ਤੇ ਕੋਰੀਆਈ ਟੀਮ ਨਾਲ ਵੀ ਚਰਚਾ ਕੀਤੀ। ਫਿਲਹਾਲ ਐਫਆਈਐਚ ਮਾਮਲੇ ਦੀ ਜਾਂਚ ਕਰ ਰਿਹਾ ਹੈ ਕਿ ਇਹ ਸਥਿਤੀ ਕਿਵੇਂ ਬਣੀ।
ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ 'ਤੇ ਜਾਪਾਨ
ਇਸ ਮੈਚ 'ਚ ਹਾਰ ਨਾਲ ਜਾਪਾਨ ਦੀ ਟੀਮ ਹਾਕੀ ਵਿਸ਼ਵ ਕੱਪ 2023 'ਚੋਂ ਬਾਹਰ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ। ਜਾਪਾਨ ਦੀ ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ ਅਤੇ ਪੂਲ-ਬੀ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਦੱਸ ਦੇਈਏ ਕਿ ਹਰੇਕ ਪੂਲ ਦੀ ਸਿਖਰਲੀ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਪਾਵੇਗੀ, ਜਦੋਂ ਕਿ ਨੰਬਰ-2 ਅਤੇ 3 ਰੈਂਕ ਵਾਲੀਆਂ ਟੀਮਾਂ ਕਰਾਸ ਓਵਰ ਮੈਚ ਦੇ ਤਹਿਤ ਆਖਰੀ ਅੱਠ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਜਾਣਗੀਆਂ। ਪੂਲ ਬੀ 'ਚ ਬੈਲਜੀਅਮ ਸਿਖਰ 'ਤੇ, ਜਰਮਨੀ ਦੂਜੇ ਅਤੇ ਦੱਖਣੀ ਕੋਰੀਆ ਤੀਜੇ ਸਥਾਨ 'ਤੇ ਹੈ।