ਪੜਚੋਲ ਕਰੋ
ਟੀਮ ਇੰਡੀਆ ਦਾ ਸੀਰੀਜ਼ 'ਤੇ ਕਬਜ਼ਾ

ਕੋਲਕਾਤਾ - ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਕੋਲਕਾਤਾ ਟੈਸਟ 'ਚ 178 ਰਨ ਨਾਲ ਮਾਤ ਦੇ ਦਿੱਤੀ। ਟੀਮ ਇੰਡੀਆ ਨੇ ਮੈਚ ਦੇ ਚੌਥੇ ਦਿਨ ਹੀ ਮੈਚ ਆਪਣੇ ਨਾਮ ਕਰ ਲਿਆ। ਨਿਊਜ਼ੀਲੈਂਡ ਦੀ ਟੀਮ ਦੂਜੀ ਪਾਰੀ 'ਚ 197 ਰਨ 'ਤੇ ਢੇਰ ਹੋ ਗਈ।

ਭਾਰਤ - 263 ਆਲ ਆਊਟ
ਭਾਰਤੀ ਟੀਮ ਨੇ ਦੂਜੀ ਪਾਰੀ 'ਚ ਰੋਹਿਤ ਸ਼ਰਮਾ ਅਤੇ ਰਿਧੀਮਾਨ ਸਾਹਾ ਦੇ ਦਮਦਾਰ ਪ੍ਰਦਰਸ਼ਨ ਸਦਕਾ 263 ਰਨ ਦਾ ਸਕੋਰ ਖੜਾ ਕੀਤਾ। ਟੀਮ ਇੰਡੀਆ ਨੇ ਦੂਜੀ ਪਾਰੀ 'ਚ ਬੇਹਦ ਖਰਾਬ ਸ਼ੁਰੂਆਤ ਕੀਤੀ। ਦੂਜੀ ਪਾਰੀ 'ਚ ਧਵਨ (17), ਮੁਰਲੀ ਵਿਜੈ (7), ਪੁਜਾਰਾ (4) ਅਤੇ ਰਹਾਣੇ (1) ਟੀਮ ਦੇ 43 ਰਨ ਦੇ ਸਕੋਰ 'ਤੇ ਹੀ ਪੈਵਲੀਅਨ ਪਰਤ ਚੁੱਕੇ ਸਨ। ਵਿਰਾਟ ਕੋਹਲੀ ਨੇ 45 ਰਨ ਦੀ ਪਾਰੀ ਖੇਡ ਟੀਮ ਇੰਡੀਆ ਨੂੰ ਸੰਭਾਲਿਆ। ਇਸਤੋਂ ਬਾਅਦ ਰੋਹਿਤ ਸ਼ਰਮਾ ਮੈਦਾਨ 'ਤੇ ਡਟ ਗਏ ਅਤੇ 82 ਰਨ ਦੀ ਪਾਰੀ ਖੇਡ ਟੀਮ ਨੂੰ 200 ਰਨ ਦਾ ਅੰਕੜਾ ਪਾਰ ਕਰਨ 'ਚ ਮਦਦ ਕੀਤੀ। ਟੀਮ ਇੰਡੀਆ ਨੇ 215 ਰਨ 'ਤੇ 8 ਵਿਕਟ ਗਵਾ ਦਿੱਤੇ ਸਨ। ਪਰ ਸਾਹਾ ਨੇ 58 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਆਖਰੀ 2 ਵਿਕਟਾਂ ਲਈ ਭੁਵਨੇਸ਼ਵਰ ਕੁਮਾਰ ਅਤੇ ਮੋਹੰਮਦ ਸ਼ਮੀ ਨਾਲ ਮਿਲਕੇ 47 ਰਨ ਜੋੜੇ ਅਤੇ ਟੀਮ ਇੰਡੀਆ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਮਿਲੀ 112 ਰਨ ਦੀ ਲੀਡ ਦੇ ਆਸਰੇ ਨਿਊਜ਼ੀਲੈਂਡ ਨੂੰ ਜਿੱਤ ਲਈ 376 ਰਨ ਦਾ ਟੀਚਾ ਦਿੱਤਾ।

ਨਿਊਜ਼ੀਲੈਂਡ - 197 ਆਲ ਆਊਟ
ਕੀਵੀ ਟੀਮ 376 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕਰਨ 'ਚ ਕਾਮਯਾਬ ਰਹੀ। ਨਿਊਜ਼ੀਲੈਂਡ ਦੀ ਟੀਮ ਨੇ ਇੱਕ ਸਮੇਂ ਬਿਨਾ ਕੋਈ ਵਿਕਟ ਗਵਾਏ 55 ਰਨ ਬਣਾ ਲਏ ਸਨ। ਪਰ ਫਿਰ ਗਪਟਿਲ 24 ਰਨ ਬਣਾ ਕੇ ਆਊਟ ਹੋ ਗਏ। ਮੈਦਾਨ 'ਤੇ ਪਹੁੰਚੇ ਨਿਕੋਲਸ ਨੇ ਲੈਥਮ ਨਾਲ ਮਿਲਕੇ ਦੂਜੇ ਵਿਕਟ ਲਈ 49 ਰਨ ਦੀ ਪਾਰਟਨਰਸ਼ਿਪ ਕੀਤੀ। ਪਰ ਟੀਮ ਦਾ ਸਕੋਰ 104 ਰਨ 'ਤੇ ਪਹੁੰਚਿਆ ਤਾਂ ਨਿਕੋਲਸ (24) ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਲਗਾਤਾਰ ਨਿਊਜ਼ੀਲੈਂਡ ਦੀ ਟੀਮ ਨੂੰ ਝਟਕੇ ਲਗਦੇ ਰਹੇ। ਕੀਵੀ ਟੀਮ ਨੇ ਆਪਣੇ ਆਖਰੀ 6 ਵਿਕਟ 43 ਰਨ ਵਿਚਾਲੇ ਗਵਾ ਦਿੱਤੇ। ਨਿਊਜ਼ੀਲੈਂਡ ਲਈ ਟੌਮ ਲੈਥਮ ਨੇ 74 ਰਨ ਦੀ ਪਾਰੀ ਖੇਡੀ। ਟੀਮ ਇੰਡੀਆ ਲਈ ਅਸ਼ਵਿਨ, ਸ਼ਮੀ ਅਤੇ ਜਡੇਜਾ ਨੇ 3-3 ਵਿਕਟ ਹਾਸਿਲ ਕੀਤੇ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਸੀਰੀਜ਼ 'ਤੇ ਵੀ ਕਬਜਾ ਕਰ ਲਿਆ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















