ਸਾਬਕਾ ਪਾਕਿ ਕ੍ਰਿਕੇਟਰ ਇੰਜ਼ਮਾਮ ਉਲ ਹਕ ਨੇ ਕੀਤੀ ਟੀਮ ਇੰਡੀਆ ਦੀ ਸ਼ਲਾਘਾ, ਕਹੀ ਇਹ ਵੱਡੀ ਗੱਲ
Inzamam Ul Haq On Indian Cricket Team: ਇੰਜ਼ਮਾਮ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, ਰਿਤੂਰਾਜ ਗਾਇਕਵਾੜ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਸ ਨਾਲ ਟੀਮ ਦਾ ਮਨੋਬਲ ਕਾਫੀ ਵਧ ਜਾਂਦਾ ਹੈ। ਇਹ ਭਾਰਤੀ ਟੀਮ ਦੀ ਗਹਿਰਾਈ ਨੂੰ ਦਰਸਾਉਂਦਾ ਹੈ।
Inzamam Ul Haq Praises team India: ਦੱਖਣੀ ਅਫਰੀਕਾ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਨਾਲ ਹਾਰ ਤੋਂ ਬਾਅਦ ਵਾਪਸੀ ਕਰਨ ਵਾਲੀ ਟੀਮ ਇੰਡੀਆ ਲਈ ਸਰਹੱਦ ਪਾਰੋਂ ਤਾਰੀਫਾਂ ਆ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਨੇ ਭਾਰਤ ਦੀ ਵਾਪਸੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟੀਮ ਇੰਡੀਆ ਦੀ ਬੈਂਚ ਸਟ੍ਰੈਂਥ ਨੂੰ ਬਹੁਤ ਮਜ਼ਬੂਤ ਦੱਸਿਆ ਹੈ, ਨਾਲ ਹੀ ਕੋਚ ਰਾਹੁਲ ਦ੍ਰਾਵਿੜ ਦੀ ਵੀ ਤਾਰੀਫ ਕੀਤੀ ਹੈ।
ਇੰਜ਼ਮਾਮ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਭਾਰਤ ਦੀ ਇਹ ਦੂਜੇ ਦਰਜੇ ਦੀ ਟੀਮ ਤਾਰੀਫ ਦੇ ਕਾਬਿਲ ਹੈ। ਇਹ ਟੀਮ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਤੋਂ ਬਿਨਾਂ ਮੁਕਾਬਲਾ ਕਰ ਰਹੀ ਹੈ। ਰਿਤੂਰਾਜ ਗਾਇਕਵਾੜ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਸ ਨਾਲ ਟੀਮ ਦਾ ਮਨੋਬਲ ਕਾਫੀ ਵਧ ਜਾਂਦਾ ਹੈ। ਇਹ ਭਾਰਤੀ ਟੀਮ ਦੀ ਗਹਿਰਾਈ ਨੂੰ ਦਰਸਾਉਂਦਾ ਹੈ। ਦੂਜੇ ਦਰਜੇ ਦੀ ਟੀਮ ਹੋਣ ਦੇ ਬਾਵਜੂਦ ਸਖ਼ਤ ਮੁਕਾਬਲਾ ਦੇ ਰਹੀ ਹੈ ਜੋ ਕਿ ਬਹੁਤ ਚੰਗੀ ਗੱਲ ਹੈ।
ਇੰਜ਼ਮਾਮ ਭਾਰਤ ਦੀ ਇਸ ਨੌਜਵਾਨ ਟੀਮ ਦੇ ਨਾਲ ਕੋਚ ਰਾਹੁਲ ਦ੍ਰਾਵਿੜ ਦੇ ਤਾਲਮੇਲ ਦੀ ਵੀ ਸ਼ਲਾਘਾ ਕਰਦੇ ਹਨ। ਉਸ ਦਾ ਮੰਨਣਾ ਹੈ ਕਿ ਰਾਹੁਲ ਦ੍ਰਾਵਿੜ ਕੋਲ ਅੰਡਰ-19 ਟੀਮ ਨਾਲ ਕੋਚਿੰਗ ਦਾ ਤਜਰਬਾ ਹੈ। ਇਸ ਲਈ ਉਹ ਨੌਜਵਾਨ ਖਿਡਾਰੀਆਂ ਨਾਲ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇੰਜ਼ਮਾਮ ਕਹਿੰਦੇ ਹਨ, 'ਦ੍ਰਾਵਿੜ ਕੋਲ ਅੰਡਰ-19 ਟੀਮ ਨਾਲ ਕੰਮ ਕਰਨ ਦਾ ਤਜਰਬਾ ਹੈ ਅਤੇ ਉਹ ਇੱਥੇ ਵੀ ਉਸ ਚੀਜ਼ ਦਾ ਇਸਤੇਮਾਲ ਕਰ ਰਿਹਾ ਹੈ।'
ਭਾਰਤ ਨੇ ਵਿਸ਼ਾਖਾਪਟਨਮ ਟੀ-20 ਜਿੱਤ ਕੇ ਜ਼ਬਰਦਸਤ ਵਾਪਸੀ ਕੀਤੀ
ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ ਹਾਰੇ ਹਨ।ਵਿਸ਼ਾਖਾਪਟਨਮ `ਚ ਮੰਗਲਵਾਰ ਰਾਤ ਦੇ ਮੈਚ ਵਿੱਚ ਭਾਰਤ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ। ਇਸ ਮੈਚ 'ਚ ਟੀਮ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਪਹਿਲਾਂ ਰਿਤੂਰਾਜ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਬਦੌਲਤ 179 ਦੌੜਾਂ ਬਣਾਈਆਂ। ਬਾਅਦ ਵਿੱਚ ਯੁਜਵੇਂਦਰ ਚਾਹਲ (3 ਵਿਕਟਾਂ) ਅਤੇ ਹਰਸ਼ਲ ਪਟੇਲ (4 ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਨੇ ਪ੍ਰੋਟੀਆ ਨੂੰ 131 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 48 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ ਜ਼ਬਰਦਸਤ ਵਾਪਸੀ ਕੀਤੀ।