IPL ਅਤੇ WPL ਦੀ ਇਨਾਮ ਰਾਸ਼ੀ 'ਚ ਜ਼ਮੀਨ-ਆਸਮਾਨ ਦਾ ਫ਼ਰਕ, ਜਾਣੋ ਕਿੰਨਾ ਕਮਾ ਲੈਂਦੀਆਂ ਨੇ ਭਾਰਤ ਦੀਆਂ ਬੇਟੀਆਂ?
ਮਹਿਲਾ ਪ੍ਰੀਮਿਅਰ ਲੀਗ ਜੋ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ WPL ਦਾ ਤੀਜਾ ਸੀਜ਼ਨ ਹੈ। ਦੋਵੇਂ ਲੀਗ ਹਰ ਸਾਲ ਕਰੋੜਾਂ ਰੁਪਏ ਦਾ ਰੇਵਨਿਊ ਕਮਾਉਂਦੀਆਂ ਹਨ, ਪਰ IPL ਅਤੇ WPL ਦੀ ਇਨਾਮ ਰਾਸ਼ੀ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।...

WPL and IPL Prize Money: ਮਹਿਲਾ ਪ੍ਰੀਮਿਅਰ ਲੀਗ (WPL 2025) ਦਾ ਤੀਜਾ ਸੀਜ਼ਨ ਭਾਰਤ ਵਿੱਚ ਕ੍ਰਿਕਟ ਦੀ ਨਵੀਂ ਲਹਿਰ ਲਿਆਉਣ ਲਈ ਤਿਆਰ ਹੈ। ਇਹ ਸੀਜ਼ਨ 14 ਫਰਵਰੀ ਤੋਂ 15 ਮਾਰਚ ਤੱਕ ਚੱਲੇਗਾ, ਜਿਸ ਵਿੱਚ ਕੁੱਲ 22 ਮੈਚ ਖੇਡੇ ਜਾਣਗੇ। ਹਾਲਾਂਕਿ, ਅਜੇ ਤੱਕ WPL ਦੇ ਸਿਰਫ਼ ਦੋ ਸੀਜ਼ਨ ਹੀ ਆਯੋਜਿਤ ਹੋਏ ਹਨ, ਜਿੱਥੇ ਰਾਇਲ ਚੈਲੇਂਜਰਸ ਬੰਗਲੌਰ (RCB) ਅਤੇ ਮੁੰਬਈ ਇੰਡੀਅਨਜ਼ (MI) ਨੇ ਇੱਕ-ਇੱਕ ਵਾਰ ਖਿਤਾਬ ਜਿੱਤਿਆ ਹੈ। WPL ਦੇ ਤੁਰੰਤ ਬਾਅਦ IPL 2025 ਸ਼ੁਰੂ ਹੋਵੇਗੀ, ਜੋ 22 ਮਾਰਚ ਤੋਂ 25 ਮਈ ਤੱਕ ਚੱਲੇਗੀ। ਦੋਵੇਂ ਲੀਗ ਹਰ ਸਾਲ ਕਰੋੜਾਂ ਰੁਪਏ ਦਾ ਰੇਵਨਿਊ ਕਮਾਉਂਦੀਆਂ ਹਨ, ਪਰ IPL ਅਤੇ WPL ਦੀ ਇਨਾਮ ਰਾਸ਼ੀ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।
IPL ਅਤੇ WPL ਦੀ ਇਨਾਮ ਰਾਸ਼ੀ 'ਚ ਫ਼ਰਕ
IPL 2024 ਦੇ ਫਾਈਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਹਰਾਕੇ ਖਿਤਾਬ ਜਿੱਤਿਆ ਸੀ। KKR ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦਕਿ ਦੂਜੇ ਸਥਾਨ ‘ਤੇ ਰਹੀ SRH ਨੂੰ 13 ਕਰੋੜ ਰੁਪਏ ਮਿਲੇ। ਤੀਜੇ ਤੇ ਚੌਥੇ ਸਥਾਨ ‘ਤੇ ਰਹੀਆਂ ਟੀਮਾਂ ਨੂੰ ਕ੍ਰਮਵਾਰ 7 ਕਰੋੜ ਅਤੇ 6.5 ਕਰੋੜ ਰੁਪਏ ਮਿਲੇ। ਇਸ ਤੋਂ ਇਲਾਵਾ, ਆਰੇਂਜ ਕੈਪ ਅਤੇ ਪਰਪਲ ਕੈਪ ਜਿੱਤਣ ਵਾਲੇ ਹਰ ਖਿਡਾਰੀ ਨੂੰ 15 ਲੱਖ ਰੁਪਏ ਇਨਾਮ ਵਜੋਂ ਮਿਲੇ।
WPL ਨੂੰ ਅਜੇ ਸਿਰਫ਼ 2 ਸਾਲ ਹੀ ਹੋਏ ਹਨ। 2024 ਸੀਜ਼ਨ ਵਿੱਚ ਸਮ੍ਰਿਤੀ ਮੰਧਾਨਾ ਦੀ ਅਗਵਾਈ ‘ਚ RCB ਨੇ ਖਿਤਾਬ ਜਿੱਤਿਆ ਸੀ, ਜਿਸ ਲਈ RCB ਨੂੰ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਉਪਵਿਜੇਤਾ ਰਹੀ ਦਿੱਲੀ ਕੈਪਿਟਲਜ਼ (DC) ਨੂੰ 3 ਕਰੋੜ ਰੁਪਏ ਮਿਲੇ। ਦੂਜੇ ਪਾਸੇ, ਆਰੇਂਜ ਕੈਪ ਤੇ ਪਰਪਲ ਕੈਪ ਜਿੱਤਣ ਵਾਲਿਆਂ ਨੂੰ ਸਿਰਫ਼ 5-5 ਲੱਖ ਰੁਪਏ ਮਿਲੇ।
WPL ਨੂੰ ਮਿਲ ਚੁੱਕੇ ਹਨ ਦੋ ਚੈਂਪੀਅਨ
ਮਹਿਲਾ ਪ੍ਰੀਮਿਅਰ ਲੀਗ (WPL) ਦੀ ਸ਼ੁਰੂਆਤ 2023 ਵਿੱਚ ਹੋਈ ਸੀ, ਜਿੱਥੇ ਮੁੰਬਈ ਇੰਡੀਆਨਜ਼ ਅਤੇ ਦਿੱਲੀ ਕੈਪਿਟਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ। ਖਿਤਾਬੀ ਮੁਕਾਬਲੇ ਵਿੱਚ ਮੁੰਬਈ ਨੇ ਦਿੱਲੀ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
2024 ਵਿੱਚ ਦਿੱਲੀ ਇੱਕ ਵਾਰ ਫਿਰ ਫਾਈਨਲ ਵਿੱਚ ਪਹੁੰਚੀ, ਜਿੱਥੇ ਉਸ ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਇਆ। ਇਸ ਵਾਰ ਦਿੱਲੀ ਨੂੰ ਬੈਂਗਲੁਰੂ ਦੇ ਹੱਥੋਂ 8 ਵਿਕਟਾਂ ਨਾਲ ਹਾਰ ਸਹਿਣੀ ਪਈ।




















