ਭਾਰਤ ਨੂੰ ਇਕ ਹੋਰ ਤਗਮੇ ਦੀ ਆਸ! ਕੁਸ਼ਤੀ 'ਚ ਰਵਿ ਦਹਿਆ ਫਾਇਨਲ 'ਚ ਪਹੁੰਚੇ
ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਵਿ ਦਹਿਆ ਫਾਇਨਲ 'ਚ ਪਹੁੰਚੇ।
Tokyo: ਕੁਸ਼ਤੀ 'ਚ ਰਵਿ ਦਹਿਆ ਨੇ ਸੈਮੀਫਾਇਨਲ 'ਚ ਜਿੱਤ ਹਾਸਿਲ ਕੀਤੀ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਵਿ ਦਹਿਆ ਫਾਇਨਲ 'ਚ ਪਹੁੰਚੇ। ਰਵਿ ਦਹਿਆ ਨੇ ਸੈਮੀਫਾਇਨਲ 'ਚ ਕਜ਼ਾਖਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ ਰਵੀ ਦਹਿਆ। ਸਵੇਰ ਤੋਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਦੁਆਵਾਂ ਕਰ ਰਹੇ ਸਨ। ਓਲੰਪਿਕ 'ਚ ਕੁਸ਼ਤੀ ਦੇ 57 ਕਿਲੋਗ੍ਰਾਮ ਭਾਰ ਕੈਟਾਗਰੀ 'ਚ ਰਵੀ ਦਹਿਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸੈਮੀਫਾਇਨਲ 'ਚ ਜਿੱਤ ਹਾਸਲ ਕਰਕੇ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ ਤੇ ਹੁਣ ਰਵੀ ਦਹਿਆ ਕੁਸ਼ਤੀ ਦੇ ਫਾਇਨਲ 'ਚ ਪਹੁੰਚ ਗਏ ਹਨ।
ਭਾਰਤ ਲਈ 5 ਅਗਸਤ ਦਾ ਦਿਨ
ਭਲਕੇ ਯਾਨੀ ਕਿ 5 ਅਗਸਤ ਨੂੰ ਭਾਰਤ ਲਈ ਟੋਕੀਓ ਓਲੰਪਿਕ ਵਿੱਚ ਅਹਿਮ ਦਿਨ ਹੈ ਜਦੋਂ ਹਾਕੀ ਤੇ ਪਹਿਲਵਾਨੀ ਦੇ ਵੱਕਾਰੀ ਮੁਕਾਬਲੇ ਹੋ ਰਹੇ ਹਨ। ਆਓ ਤੁਹਾਨੂੰ ਵੀ ਜਾਣੂੰ ਕਰਵਾਉਂਦੇ ਕੱਲ੍ਹ ਨੂੰ ਕਿਹੜੇ ਕਿਹੜੇ ਮੁਕਾਬਲੇ ਹੋਣ ਜਾ ਰਹੇ ਹਨ:
ਪੁਰਸ਼ਾਂ ਦੀ ਹਾਕੀ ਟੀਮ 41 ਸਾਲਾਂ ਬਾਅਦ ਭਾਰਤ ਲਈ ਮੈਡਲ ਜਿੱਤਣ ਦੀ ਆਸ ਨਾਲ ਮੈਦਾਨ ਵਿੱਚ ਉੱਤਰੇਗੀ। ਕਾਂਸੇ ਦੇ ਤਗ਼ਮੇ ਲਈ ਭਾਰਤੀ ਟੀਮ ਜਰਮਨੀ ਨਾਲ ਭਿੜੇਗੀ। ਭਾਰਤੀ ਟੀਮ ਬੈਲਜੀਅਮ ਹੱਥੋਂ ਸੈਮੀਫਾਈਨਲ ਹਾਰ ਗਈ ਸੀ। ਭਾਰਤੀ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਭਾਰਤੀ ਖਿਡਾਰੀ ਜਰਮਨੀ ਨਾਲ ਮੈਚ ਖੇਡਣਗੇ।
ਓਧਰ, ਰਵੀ ਕੁਮਾਰ 57 ਕਿੱਲੋ ਭਾਰ ਵਰਗ ਫਰੀ ਸਟਾਈਲ ਕੁਸ਼ਤੀ ਦੇ ਅੰਤਮ ਪੜਾਅ ਵਿੱਚ ਸਿਖਰਲਾ ਸਥਾਨ ਪ੍ਰਾਪਤ ਕਰਨ ਲਈ ਰੂਸੀ ਭਲਵਾਨ ਜ਼ੌਰ ਊਗੂਏਵ ਨਾਲ ਦੋ-ਦੋ ਹੱਥ ਕਰੇਗਾ। ਰਵੀ ਕੁਮਾਰ ਇਸ ਤੋਂ ਪਹਿਲਾਂ ਕੋਲੰਬੀਆਈ ਭਲਵਾਨ ਔਸਕਰ ਟਿਗਰੋਸ, ਬੁਲਗਾਰੀਆ ਦੇ ਜਿਓਰਗੀ ਵੈਂਗੇਲੋਵ ਅਤੇ ਕਜ਼ਾਕਿਸਤਾਨ ਦੇ ਨਰਇਸਲਾਮ ਸਨਾਇਵ ਨੂੰ ਪਛਾੜ ਚੁੱਕਾ ਹੈ। ਦੂਜੇ ਪਾਸੇ ਰਸ਼ੀਅਨ ਓਲੰਪਿਕ ਕਮੇਟੀ ਦਾ ਪਹਿਲਵਾਨ ਜ਼ੌਰ, ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕਾ ਹੈ ਅਤੇ ਸਾਲ 2019 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਰਵੀ ਕੁਮਾਰ ਨੂੰ ਸੈਮੀ-ਫਾਈਨਲ ਵਿੱਚ ਪਛਾੜ ਵੀ ਚੁੱਕਾ ਹੈ। ਪਰ ਜੇਕਰ ਰਵੀ ਕੁਮਾਰ ਆਪਣੀ ਲੈਅ ਬਰਕਰਾਰ ਰੱਖਦਿਆਂ ਭਲਕ ਦੀ ਖੇਡ ਜਿੱਤਦਾ ਹੈ ਤਾਂ ਅਭਿਨਵ ਬਿੰਦਰਾ ਤੋਂ ਬਾਅਦ ਇਕੱਲੇ ਖਿਡਾਰੀ ਵਾਲੀ ਸ਼ੈਲੀ ਵਿੱਚ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਜਾਵੇਗਾ। ਬਿੰਦਰਾ ਨੇ ਸਾਲ 2008 ਦੌਰਾਨ ਬੀਜਿੰਗ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਸ਼ੂਟਿੰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਸੀ।
ਇਸ ਤੋਂ ਇਲਾਵਾ 86 ਕਿੱਲੋ ਭਾਰ ਵਰਗ ਵਿੱਚ ਪਹਿਲਵਾਨ ਦੀਪਕ ਪੂਨੀਆ ਕਾਂਸੇ ਦੇ ਤਗ਼ਮੇ ਲਈ ਲੜੇਗਾ। ਪੂਨੀਆ ਦੇ ਵਿਰੋਧੀ ਖਿਡਾਰੀ ਦਾ ਹਾਲੇ ਫੈਸਲਾ ਹੋਣਾ ਬਾਕੀ ਹੈ। ਮਹਿਲਾ ਪਹਿਲਵਾਨੀ ਦੇ 53 ਕਿੱਲੋ ਭਾਰ ਵਰਗ ਵਿੱਚ ਵਿਨੇਸ਼ ਫੋਗਾਟ ਆਪਣੀ ਜ਼ੋਰ ਅਜ਼ਮਾਇਸ਼ ਕਰੇਗੀ। ਫੋਗਾਟ ਦਾ ਪਹਿਲਾ ਮੈਚ ਸਵੇਰੇ ਅੱਠ ਵਜੇ ਸਵੀਡਨ ਦੀ ਸੋਫੀਆ ਮੈਟਸਨ ਨਾਲ ਹੋਵੇਗਾ। ਜੇਕਰ ਵਿਨੇਸ਼ ਫੋਗਾਟ ਪਹਿਲਾ ਮੈਚ ਜਿੱਤਦੀ ਹੈ ਤਾਂ ਉਹ ਕੁਆਟਰ ਫਾਈਨਲ ਤੇ ਇਸ ਨੂੰ ਜਿੱਤਣ ਮਗਰੋਂ ਸੈਮੀ ਫਾਈਨਲ ਮੈਚ ਵੀ ਭਲਕੇ ਹੀ ਖੇਡੇਗੀ। 57 ਕਿੱਲੋ ਭਾਰ ਵਰਗ ਵਿੱਚ ਭਾਰਤ ਦੀ ਅੰਸ਼ੂ ਮਲਿਕ ਤੇ ਰੂਸੀ ਓਲੰਪਿਕ ਕਮੇਟੀ ਦੀ ਵਲੇਰੀਆ ਕੋਬਲੋਵਾ ਭਿੜਨਗੀਆਂ।
ਭਲਕੇ ਗੌਲਫ ਵਿੱਚ ਵੀ ਭਾਰਤੀ ਖਿਡਾਰਨਾਂ ਆਪਣਾ ਦਮ ਦਿਖਾਉਣਗੀਆਂ। ਅਦਿਤੀ ਅਸ਼ੋਕ ਤੇ ਦਿਕਸ਼ਾ ਡਾਗਰ ਸੁਵਖਤੇ ਹੀ ਆਪਣੀ ਖੇਡ ਖੇਡਣਗੀਆਂ।
ਇਸ ਤੋਂ ਇਲਾਵਾ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਬੀਚ ਵਾਲੀਬਾਲ ‘ਚ ਸਵਿਟਜ਼ਰਲੈਂਡ ਤੇ ਅਮਰੀਕਾ ਦੀ ਟੱਕਰ ਹੋਵੇਗੀ। ਸਵੇਰੇ ਛੇ ਵਜੇ ਹੀ ਮਰਦਾਂ ਦੇK-1200 ਮੀਟਰ ਕਿਸ਼ਤੀ ਚਾਲਣ ਦਾ ਸੈਮੀਫਾਈਨਲ ਕਰਵਾਇਆ ਜਾਵੇਗਾ। ਉਪਰੰਤ, ਸਾਢੇ ਛੇ ਵਜੇ ਔਰਤਾਂ ਦੀ 10 ਮੀਟਰ ਪਾਣੀ ਵਿੱਚ ਚੁੱਭੀ ਮਾਰ ਮੁਕਾਬਲੇ (ਡਾਈਵਿੰਗ) ਅਤੇ ਇਸੇ ਦੌਰਾਨ ਔਰਤਾਂ ਦੀ 4X100 ਮੀਟਰ ਰਿਲੇਅ ਦੌੜ ਵੀ ਹੋਵੇਗੀ।