Wrestlers Protest: ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ, ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੂੰ ਹਟਾਉਣ ਦੀ ਮੰਗ
Anurag Thakur Meets Wrestlers: ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਹੈ।
Anurag Thakur Meets Wrestlers : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦਾ ਵਿਰੋਧ ਜਾਰੀ ਹੈ। ਸਿੰਘ 'ਤੇ ਯੌਨ ਸ਼ੋਸ਼ਣ ਅਤੇ ਖਿਡਾਰੀਆਂ ਨਾਲ ਛੇੜਖਾਨੀ ਦੇ ਦੋਸ਼ ਲੱਗ ਰਹੇ ਹਨ। ਇਸ ਕਾਰਨ ਦੇਸ਼ ਦੇ ਦਿੱਗਜ ਖਿਡਾਰੀ ਦੋ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਖੇਡ ਮੰਤਰਾਲੇ ਅਤੇ ਪਹਿਲਵਾਨਾਂ ਵਿਚਾਲੇ ਮੀਟਿੰਗ ਵੀ ਹੋਈ, ਪਰ ਇਹ ਤਸੱਲੀਬਖਸ਼ ਨਹੀਂ ਰਹੀ। ਇਸ ਤੋਂ ਬਾਅਦ ਹੁਣ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ।
ਇਸ ਤੋਂ ਪਹਿਲਾਂ ਅਨੁਰਾਗ ਠਾਕੁਰ ਚੰਡੀਗੜ੍ਹ 'ਚ ਸਨ ਅਤੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਦਿੱਲੀ ਪਹੁੰਚ ਗਏ ਸਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਇਨ੍ਹਾਂ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਹੈ। ਇਹ ਮੀਟਿੰਗ ਉਨ੍ਹਾਂ ਦੀ ਰਿਹਾਇਸ਼ 'ਤੇ ਹੋਈ ਜਿਸ 'ਚ ਲਗਭਗ ਸਾਰੇ ਵੱਡੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਰਵੀ ਦਹੀਆ ਸ਼ਾਮਲ ਹੋਏ।
ਕੀ ਕਿਹਾ ਚੰਡੀਗੜ੍ਹ 'ਚ ਅਨੁਰਾਗ ਠਾਕੁਰ ਨੇ?
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਲਾਏ ਗਏ ਦੋਸ਼ ਗੰਭੀਰ ਹਨ, ਜਿਸ ਦਾ ਨੋਟਿਸ ਲੈਂਦਿਆਂ ਖੇਡ ਮੰਤਰਾਲੇ ਨੇ ਡਬਲਯੂਐਫਆਈ ਨੂੰ ਨੋਟਿਸ ਦੇ ਕੇ 72 ਘੰਟਿਆਂ ਵਿੱਚ ਜਵਾਬ ਮੰਗਿਆ ਹੈ। ਜੋ ਕੈਂਪ ਲਾਇਆ ਜਾਣਾ ਸੀ, ਉਹ ਮੁਲਤਵੀ ਕਰ ਦਿੱਤਾ ਗਿਆ ਹੈ। ਮੇਰੀ ਕੋਸ਼ਿਸ਼ ਹੈ ਕਿ ਮੈਂ ਵਾਪਸ ਜਾਵਾਂ ਅਤੇ ਖਿਡਾਰੀਆਂ ਨੂੰ ਮਿਲਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਆਪਣੀ ਗੱਲ ਰੱਖਦਿਆਂ ਖੇਡ ਮੰਤਰੀ ਨੇ ਕਿਹਾ ਕਿ ਉਹ ਹੁਣ ਇੱਥੇ ਹਨ ਅਤੇ ਦਿੱਲੀ ਜਾਂਦੇ ਹੀ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ, "ਖਿਡਾਰੀਆਂ ਦੀ ਗੱਲ ਸੁਣੀ ਜਾਵੇਗੀ। ਖਿਡਾਰੀਆਂ ਵੱਲੋਂ ਬਹੁਤ ਗੰਭੀਰ ਦੋਸ਼ ਲਾਏ ਗਏ ਹਨ। ਅਸੀਂ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਦਿੱਲੀ ਵਾਪਸ ਜਾ ਰਹੇ ਹਾਂ ਅਤੇ ਖਿਡਾਰੀਆਂ ਨਾਲ ਮੁਲਾਕਾਤ ਕਰਾਂਗੇ।" ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ। ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਖੇਡਾਂ ਅਤੇ ਖਿਡਾਰੀਆਂ ਲਈ ਲੱਗੇ ਹੋਏ ਹਾਂ।
ਕੀ ਹੈ ਪੂਰਾ ਮਾਮਲਾ?
ਗੱਲ 18 ਜਨਵਰੀ ਤੋਂ ਸ਼ੁਰੂ ਹੁੰਦੀ ਹੈ, ਜਦੋਂ ਸਟਾਰ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕਈ ਕੋਚਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਨਾਲ ਹੀ ਜੰਤਰ-ਮੰਤਰ 'ਤੇ ਇਨ੍ਹਾਂ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇਨ੍ਹਾਂ ਲੋਕਾਂ ਨੇ ਕੁਸ਼ਤੀ ਸੰਘ ਨੂੰ ਭੰਗ ਕਰਨ ਦੀ ਮੰਗ ਕੀਤੀ।
ਇਸ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਹ ਫਾਂਸੀ 'ਤੇ ਚੜ੍ਹਨ ਲਈ ਤਿਆਰ ਹਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ। ਤਾਂ ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਵੀ ਧਰਨੇ ਵਾਲੀ ਥਾਂ 'ਤੇ ਪਹੁੰਚੀ ਅਤੇ ਖਿਡਾਰੀਆਂ ਲਈ ਇਨਸਾਫ਼ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਖੇਡ ਮੰਤਰਾਲੇ ਨੂੰ ਨੋਟਿਸ ਭੇਜਿਆ ਤਾਂ ਖੇਡ ਮੰਤਰਾਲੇ ਨੇ ਫੈਡਰੇਸ਼ਨ ਨੂੰ ਨੋਟਿਸ ਭੇਜ ਕੇ 72 ਘੰਟਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ।
ਉੱਥੇ ਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਇਸ ਬਿਆਨ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ ਕਿ ਇੱਥੇ ਕੁਸ਼ਤੀ ਨਾਲ ਜੁੜਿਆ ਹਰ ਵਿਅਕਤੀ ਹੜਤਾਲ 'ਤੇ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ ਕਿ ਜੇ ਦੋਸ਼ ਸਹੀ ਨਿਕਲੇ ਤਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ। ਸਾਡੇ ਕੋਲ 6 ਲੜਕੀਆਂ ਹਨ ਜਿਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਸੀ ਅਤੇ ਉਹ ਇੱਥੇ ਸਬੂਤ ਲੈ ਕੇ ਬੈਠੀਆਂ ਹਨ।