e-Bike Taxi: ਕੇਵਲ 15 ਰੁਪਏ ਕਿਰਾਏ ਨਾਲ ਇਸ ਸ਼ਹਿਰ 'ਚ ਸ਼ੁਰੂ ਹੋਵੇਗੀ ਇਲੈਕਟ੍ਰਿਕ ਬਾਈਕ ਸੇਵਾ, ਸਫਰ ਹੋਏਗਾ ਆਸਾਨ
ਦੇਸ਼ ਦੇ ਵਿੱਚ ਜਲਦ ਹੀ ਈ-ਬਾਈਕ ਟੈਕਸੀ ਸ਼ੁਰੂ ਹੋਣ ਜਾ ਰਹੀ ਹੈ। ਇਹ ਸਭ ਤੋਂ ਪਹਿਲਾਂ ਫ਼ਿਲਮੀ ਸਿਤਾਰਿਆਂ ਦੀ ਨਗਰੀ ਮੁੰਬਈ ਦੇ ਵਿੱਚ ਸ਼ੁਰੂ ਹੋਏਗੀ। ਲੋਕਾਂ ਨੂੰ ਟ੍ਰੈਫਿਕ ਅਤੇ ਮਹਿੰਗੇ ਕਿਰਾਏ ਤੋਂ ਰਾਹਤ ਮਿਲਣ ਵਾਲੀ ਹੈ। ਸਰਕਾਰ ਨੇ ਐਲਾਨ ਕੀਤਾ ਹੈ..

ਮੁੰਬਈ ਵਰਗੇ ਬਿਜ਼ੀ ਸ਼ਹਿਰ ਵਿੱਚ ਹੁਣ ਲੋਕਾਂ ਨੂੰ ਟ੍ਰੈਫਿਕ ਅਤੇ ਮਹਿੰਗੇ ਕਿਰਾਏ ਤੋਂ ਰਾਹਤ ਮਿਲਣ ਵਾਲੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਮੁੰਬਈ ਵਿੱਚ ਈ-ਬਾਈਕ ਟੈਕਸੀ (E-Bike Taxi) ਸੇਵਾ ਸ਼ੁਰੂ ਹੋ ਜਾਵੇਗੀ। ਇਸ ਦਾ ਮਕਸਦ ਯਾਤਰੀਆਂ ਨੂੰ ਸਸਤਾ, ਵਾਤਾਵਰਣ-ਅਨੁਕੂਲ ਅਤੇ ਤੇਜ਼ ਸਫਰ ਮੁਹੱਈਆ ਕਰਵਾਉਣਾ ਹੈ। ਇਸ ਸੇਵਾ ਨੂੰ ਫਿਲਹਾਲ ਤਿੰਨ ਵੱਡੀਆਂ ਕੰਪਨੀਆਂ - ਓਲਾ, ਊਬਰ ਅਤੇ ਰੈਪਿਡੋ - ਮਿਲ ਕੇ ਸ਼ੁਰੂ ਕਰਨਗੀਆਂ।
ਕਿਰਾਇਆ ਬਹੁਤ ਹੀ ਕਿਫ਼ਾਇਤੀ
ਸਰਕਾਰ ਨੇ ਈ-ਬਾਈਕ ਟੈਕਸੀ ਦਾ ਕਿਰਾਇਆ ਬਹੁਤ ਹੀ ਕਿਫ਼ਾਇਤੀ ਰੱਖਿਆ ਹੈ। ਪਹਿਲੇ 1.5 ਕਿਲੋਮੀਟਰ ਲਈ 15 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਹਰ ਵਾਧੂ ਕਿਲੋਮੀਟਰ ਲਈ ਯਾਤਰੀਆਂ ਨੂੰ ਸਿਰਫ 10.27 ਰੁਪਏ ਚੁਕਾਉਣੇ ਪੈਣਗੇ। ਇਹ ਕਿਰਾਇਆ ਆਟੋ-ਰਿਕਸ਼ਾ ਅਤੇ ਟੈਕਸੀ ਨਾਲੋਂ ਕਾਫੀ ਸਸਤਾ ਹੈ। ਇਸ ਦਾ ਸਿੱਧਾ ਲਾਭ ਰੋਜ਼ਾਨਾ ਸਫ਼ਰ ਕਰਨ ਵਾਲੇ ਦਫ਼ਤਰੀ ਲੋਕਾਂ ਅਤੇ ਆਮ ਜਨਤਾ ਨੂੰ ਮਿਲੇਗਾ।
ਤਿੰਨ ਕੰਪਨੀਆਂ ਨੂੰ ਮਿਲੀ ਇਜਾਜ਼ਤ
ਫਿਲਹਾਲ ਤਿੰਨ ਕੰਪਨੀਆਂ – Ola, Uber ਅਤੇ Rapido ਨੂੰ ਈ-ਬਾਈਕ ਟੈਕਸੀ ਸੇਵਾ ਚਲਾਉਣ ਦੀ ਇਜਾਜ਼ਤ ਮਿਲੀ ਹੈ। ਇਨ੍ਹਾਂ ਕੰਪਨੀਆਂ ਨੂੰ ਅਜੇ ਅਸਥਾਈ ਲਾਈਸੈਂਸ ਮਿਲਿਆ ਹੈ ਅਤੇ ਅਗਲੇ 30 ਦਿਨਾਂ ਦੇ ਅੰਦਰ ਸਥਾਈ ਲਾਈਸੈਂਸ ਲੈਣਾ ਹੋਵੇਗਾ। ਇਸ ਤੋਂ ਬਾਅਦ ਇਹ ਸੇਵਾ ਵੱਡੇ ਪੱਧਰ 'ਤੇ ਮੁੰਬਈ ਵਿੱਚ ਉਪਲਬਧ ਹੋਵੇਗੀ।
ਨਿਯਮ ਅਤੇ ਸ਼ਰਤਾਂ
ਸਰਕਾਰ ਨੇ ਇਸ ਨਵੀਂ ਸੇਵਾ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਲਈ ਕੁਝ ਨਿਯਮ ਤੈਅ ਕੀਤੇ ਹਨ। ਹਰ ਕੰਪਨੀ ਕੋਲ ਘੱਟੋ-ਘੱਟ 50 ਈ-ਬਾਈਕਾਂ ਹੋਣੀ ਲਾਜ਼ਮੀ ਹੈ। ਰਾਈਡਰ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਕਮੇਰਸ਼ੀਅਲ ਡ੍ਰਾਈਵਿੰਗ ਲਾਈਸੈਂਸ ਹੋਣਾ ਜ਼ਰੂਰੀ ਹੈ। ਸਾਰੀਆਂ ਈ-ਬਾਈਕ ਟੈਕਸੀਆਂ ਦਾ ਰੰਗ ਪੀਲਾ ਹੋਵੇਗਾ ਅਤੇ ਇਨ੍ਹਾਂ ਦੀ ਵੱਧ ਤੋਂ ਵੱਧ ਗਤੀ 60 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਹੈ। ਰਾਈਡਰ ਕੋਲ ਦੋ ਪੀਲੇ ਹੈਲਮਟ ਰੱਖਣੇ ਲਾਜ਼ਮੀ ਹੋਣਗੇ। 12 ਸਾਲ ਤੋਂ ਛੋਟੇ ਬੱਚਿਆਂ ਨੂੰ ਇਸ ਸੇਵਾ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੀਮੇਲ ਰਾਈਡਰ ਦਾ ਵਿਕਲਪ ਵੀ ਉਪਲਬਧ ਕਰਵਾਇਆ ਜਾਵੇਗਾ।
ਮੁੰਬਈ ਵਾਸੀਆਂ ਨੂੰ ਕੀ ਫਾਇਦੇ ਹੋਣਗੇ?
ਈ-ਬਾਈਕ ਟੈਕਸੀ ਸੇਵਾ ਨਾਲ ਮੁੰਬਈ ਦੇ ਲੋਕਾਂ ਨੂੰ ਕਈ ਫਾਇਦੇ ਮਿਲਣਗੇ। ਸਭ ਤੋਂ ਵੱਡਾ ਫਾਇਦਾ ਟ੍ਰੈਫਿਕ ਜਾਮ ਤੋਂ ਰਾਹਤ ਹੈ ਕਿਉਂਕਿ ਈ-ਬਾਈਕ ਆਸਾਨੀ ਨਾਲ ਭੀੜਭਾੜ ਵਾਲੀਆਂ ਸੜਕਾਂ ‘ਚੋਂ ਨਿਕਲ ਸਕਦੀਆਂ ਹਨ। ਦੂਜਾ ਫਾਇਦਾ ਹੈ ਘੱਟ ਕਿਰਾਇਆ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਦਾ ਖਰਚਾ ਘਟੇਗਾ। ਤੀਜਾ ਫਾਇਦਾ ਹੈ ਪ੍ਰਦੂਸ਼ਣ ਵਿੱਚ ਕਮੀ, ਕਿਉਂਕਿ ਇਲੈਕਟ੍ਰਿਕ ਬਾਈਕ ਤੋਂ ਕੋਈ ਧੂੰਆ ਨਹੀਂ ਨਿਕਲਦਾ। ਇਸ ਤੋਂ ਇਲਾਵਾ, ਮਹਿਲਾਵਾਂ ਦੀ ਸੁਰੱਖਿਆ ਲਈ ਫੀਮੇਲ ਰਾਈਡਰ ਦਾ ਵਿਕਲਪ ਅਤੇ ਟ੍ਰੈਕਿੰਗ ਫੀਚਰ ਇਸ ਸੇਵਾ ਨੂੰ ਹੋਰ ਵੀ ਭਰੋਸੇਮੰਦ ਬਣਾਉਂਦੇ ਹਨ। ਇਹ ਸੇਵਾ ਆਮ ਜਨਤਾ ਲਈ ਨਾ ਸਿਰਫ ਕਿਫ਼ਾਇਤੀ, ਸਗੋਂ ਸੁਰੱਖਿਅਤ ਅਤੇ ਸੁਵਿਧਾਜਨਕ ਵੀ ਸਾਬਤ ਹੋਵੇਗੀ।




















