YouTube ਹਟਾ ਰਿਹਾ ਆਪਣਾ ਖ਼ਾਸ ਫੀਚਰ, ਜੋ ਮੋਦੀ ਨੂੰ ਵੀ ਪਹੁੰਚਾਏਗਾ ਲਾਭ
ਯੂਟਿਊਬ ਦਾ ਕਹਿਣਾ ਹੈ ਕਿ ਕਈ ਵੀਡੀਓਕਾਰ ਨਾਪਸੰਦਗੀ ਮੁਹਿੰਮ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਲਾਈਕ ਨਾਲੋਂ ਡਿਸਲਾਈਕ ਜ਼ਿਆਦਾ ਹੋਣ ਕਾਰਨ ਕਈ ਹੋਰ ਯੂਜ਼ਰ ਵੀ ਵੀਡੀਓ ਨੂੰ ਨਾਪਸੰਦ ਕਰ ਜਾਂਦੇ ਹਨ।
ਚੰਡੀਗੜ੍ਹ: ਸੋਸ਼ਲ ਮੀਡੀਆ ਦਾ ਵੀਡੀਓ ਮਾਧਿਅਮ YouTube ਆਪਣਾ ਇੱਕ ਖ਼ਾਸ ਫੀਚਰ ਹਟਾਉਣ ਜਾ ਰਿਹਾ ਹੈ। ਇਸ ਦਾ ਸਿੱਧਾ ਫਾਇਦਾ ਉਨ੍ਹਾਂ ਨੂੰ ਹੋਣ ਵਾਲਾ ਹੈ, ਜੋ ਵੀਡੀਓ ਯੂਟਿਊਬ ਉੱਪਰ ਪੋਸਟ ਕਰਦੇ ਹਨ। ਹੁਣ ਯੂਟਿਊਬ ਨਾ ਪਸੰਦ ਕੀਤੇ ਜਾਣ ਵਾਲਾ ਬਟਨ ਤਕਰੀਬਨ ਗ਼ਾਇਬ ਹੀ ਹੋਣ ਵਾਲਾ ਹੈ। 'YouTube' ਹੁਣ 'Dislike' ਦੀ ਗਿਣਤੀ ਉਜਾਗਰ ਨਹੀਂ ਕਰੇਗਾ।
ਮੀਡੀਆ ਰਿਪੋਰਟਾਂ ਮੁਤਾਬਿਕ ਪਹਿਲਾਂ ਕਿਸੇ ਵੀ ਯੂਜ਼ਰ ਨੂੰ ਆਪਣੀ ਸਕਰੀਨ ਉੱਪਰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਵੀ ਦਿੱਸਦੀ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਯਾਨੀ ਕਿ ਡਿਸਲਾਈਕ ਦੀ ਆਪਸ਼ਨ ਤਾਂ ਰਹੇਗੀ ਪਰ ਕੋਈ ਇਹ ਨਹੀਂ ਦੇਖ ਸਕੇਗਾ ਕਿ ਇਸ ਵੀਡੀਓ ਨੂੰ ਕਿੰਨੇ ਲੋਕਾਂ ਨੇ Dislike ਕੀਤਾ ਹੈ। ਹਾਲਾਂਕਿ, ਵੀਡੀਓ ਦੇ ਵਿਊਜ਼ ਤੇ ਲਾਈਕਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਤੇ ਕੋਈ ਵੀ ਇਨ੍ਹਾਂ ਦੀ ਗਿਣਤੀ ਦੇਖ ਸਕਦਾ ਹੈ, ਜਿਵੇਂ ਪਹਿਲਾਂ ਵਾਂਗ ਚੱਲਦਾ ਆ ਰਿਹਾ ਹੈ।
ਯੂਟਿਊਬ ਦਾ ਕਹਿਣਾ ਹੈ ਕਿ ਕਈ ਵੀਡੀਓਕਾਰ ਨਾਪਸੰਦਗੀ ਮੁਹਿੰਮ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਲਾਈਕ ਨਾਲੋਂ ਡਿਸਲਾਈਕ ਜ਼ਿਆਦਾ ਹੋਣ ਕਾਰਨ ਕਈ ਹੋਰ ਯੂਜ਼ਰ ਵੀ ਵੀਡੀਓ ਨੂੰ ਨਾਪਸੰਦ ਕਰ ਜਾਂਦੇ ਹਨ। ਕੰਪਨੀ ਮੁਤਾਬਕ ਇਸ ਨਾਲ ਜਾਣਬੁੱਝ ਕੇ ਨੇਗੈਟਿਵ ਪ੍ਰਚਾਰ 'ਤੇ ਰੋਕ ਲੱਗੇਗੀ।
YouTube ਦਾ ਕਹਿਣਾ ਹੈ ਕਿ Like ਤੇ Dislike ਦੇ ਆਪਸ਼ਨ ਦਿੱਤੇ ਗਏ ਸਨ ਕਿ ਕੰਟੈਂਟ ਦੇਣ ਵਾਲਿਆਂ ਦਾ ਸਹੀ ਫੀਡਬੈਕ ਮਿਲ ਸਕੇ ਪਰ ਹੁਣ ਇਸ ਦਾ ਗਲਤ ਇਸਤੇਮਾਲ ਹੋਣ ਲੱਗਾ ਹੈ ਤੇ ਕੁਝ ਲੋਕਾਂ ਵੱਲੋਂ ਡਿਸਲਾਈਕ ਕੈਪੇਂਨ ਚਲਾਏ ਜਾ ਰਹੇ ਹਨ। ਇਸ ਰਾਹੀਂ ਬੇਵਜ੍ਹਾ ਕੰਟੈਂਟ ਕ੍ਰਿਏਟਰਜ਼ ਜਾਂ ਸੰਸਥਾਨਾਂ ਦਾ ਗਲਤ ਅਕਸ ਬਣਾਇਆ ਜਾ ਰਿਹਾ ਹੈ। ਲੋਕ ਇਸ ਆਪਸ਼ਨ ਦਾ ਇਸਤੇਮਾਲ ਕੰਟੈਂਟ ਦੀ ਕਵਾਲਿਟੀ ਲਈ ਨਹੀਂ ਬਲਕਿ ਕੰਟੈਂਟ ਪ੍ਰੋਵਾਈਡਰ ਦਾ ਵਿਰੋਧ ਕਰਨ ਲਈ ਜਾਂ ਉਸ ਨੂੰ ਟਾਰਗੇਟ ਬਣਾਉਣ ਲਈ ਕਰ ਰਹੇ ਹਨ।
ਯੂਟਿਊਬ ਦੇ ਇਸ ਫੀਚਰ ਦਾ ਲਾਭ ਜਿੱਥੇ ਆਮ ਵੀਡੀਓ ਬਣਾਉਣ ਵਾਲੇ ਨੂੰ ਤਾਂ ਮਿਲੇਗਾ ਹੀ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਦਾ ਲਾਭ ਉਠਾ ਸਕਣਗੇ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਲਗਾਤਾਰ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਕਰਦੇ ਆਉਂਦੇ ਹਨ। ਪਰ ਕੁਝ ਸਮੇਂ ਤੋਂ ਉਹ ਵੀ ਨਾਪਸੰਦਗੀ ਮੁਹਿੰਮ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਦੀ ਇਸ ਵੀਡੀਓ ਉੱਪਰ ਲਾਈਕ ਨਾਲੋਂ ਜ਼ਿਆਦਾ ਡਿਸਲਾਈਕ ਹੁੰਦੇ ਸਨ। ਕੁਝ ਸਮਾਂ ਇਹ ਮਾਮਲਾ ਮੀਡੀਆ ਵਿੱਚ ਵੀ ਛਾਇਆ ਰਿਹਾ ਹੈ। ਪਰ ਹੁਣ ਅਜਿਹਾ ਨਹੀਂ ਰਹੇਗਾ, ਕਿਉਂਕਿ ਯੂਟਿਊਬ ਨੇ 'ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ' ਵਾਲੀ ਗੱਲ ਸੱਚ ਕਰ ਦਿਖਾਈ ਹੈ।