ਮੈਡੀਕਲ ਲਾਪਰਵਾਹੀ ਜਾਂ ਕੁਝ ਹੋਰ...! ਸੀਟੀ ਸਕੈਨ ਦੌਰਾਨ 22 ਸਾਲ ਦੀ ਮਹਿਲਾ ਵਕੀਲ ਦੀ ਮੌਤ, ਸਵਾਲਾਂ ਦੇ ਘੇਰੇ ‘ਚ ਹਾਦਸਾ
ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਆਮ ਲੱਗਣ ਵਾਲੀ ਮੈਡੀਕਲ ਪ੍ਰਕਿਰਿਆ ਨੇ 22 ਸਾਲ ਦੀ ਵਕੀਲ ਦੀ ਜ਼ਿੰਦਗੀ ਖਤਮ ਕਰ ਦਿੱਤੀ। ਸੋਸ਼ਲ ਮੀਡੀਆ ਉੱਤੇ ਇਸ ਬਾਰੇ ਚਰਚਾ ਹੋ ਰਹੀ ਹੈ ਕਿਵੇਂ ਇੱਕ ਟੈਸਟ ਕਿਸੇ ਦੀ ਜਾਨ...

ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਆਮ ਲੱਗਣ ਵਾਲੀ ਮੈਡੀਕਲ ਪ੍ਰਕਿਰਿਆ ਨੇ 22 ਸਾਲ ਦੀ ਵਕੀਲ ਦੀ ਜ਼ਿੰਦਗੀ ਖਤਮ ਕਰ ਦਿੱਤੀ। ਬ੍ਰਾਜ਼ੀਲ ਦੇ ਰਿਓ ਡੂ ਸੀਲ ਆਲਟੋ ਵੇਲੇ ਰੀਜਨਲ ਹਸਪਤਾਲ ਵਿੱਚ ਸੀਟੀ ਸਕੈਨ ਦੌਰਾਨ ਲੇਟਿਸੀਆ ਪਾਲ ਨਾਮ ਦੀ ਜਵਾਨ ਕੁੜੀ ਨੂੰ ਅਚਾਨਕ ਐਨਾਫ਼ਿਲੈਕਟਿਕ ਸ਼ਾਕ ਆ ਗਿਆ ਅਤੇ ਉਸਨੇ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਲੇਟਿਸੀਆ ਦੀ ਮੌਤ ਪ੍ਰਕਿਰਿਆ ਸ਼ੁਰੂ ਹੋਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਹੋ ਗਈ। ਉਸਦੀ ਚਾਚੀ ਨੇ ਦੱਸਿਆ ਕਿ ਭਤੀਜੀ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਸੀ, ਪਰ ਡਾਕਟਰ ਵੀ ਉਸਦੀ ਜ਼ਿੰਦਗੀ ਨਹੀਂ ਬਚਾ ਸਕੇ। ਸਥਾਨਕ ਮੀਡੀਆ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਨਾਫ਼ਿਲੈਕਟਿਕ ਸ਼ਾਕ ਕੀ ਹੁੰਦਾ ਹੈ?
ਐਨਾਫ਼ਿਲੈਕਟਿਕ ਸ਼ਾਕ ਇੱਕ ਗੰਭੀਰ ਐਲਰਜਿਕ ਰਿਐਕਸ਼ਨ ਹੁੰਦਾ ਹੈ। ਜਦੋਂ ਸਰੀਰ ਨੂੰ ਕਿਸੇ ਖ਼ਾਸ ਪਦਾਰਥ ਜਾਂ ਦਵਾ ਨਾਲ ਐਲਰਜੀ ਹੁੰਦੀ ਹੈ, ਤਾਂ ਇਮਿਊਨ ਸਿਸਟਮ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਦੌਰਾਨ ਸਰੀਰ ਵਿੱਚ ਐਂਟੀਬਾਡੀ ਬਣਦੀਆਂ ਹਨ ਅਤੇ ਐਲਰਜੀ ਵਾਲੀਆਂ ਸੈੱਲਾਂ ਤੋਂ ਰਸਾਇਣ (ਜਿਵੇਂ ਕਿ ਹਿਸਟਾਮਿਨ) ਨਿਕਲਦੇ ਹਨ। ਇਹ ਰਸਾਇਣ ਅਚਾਨਕ ਬਲੱਡ ਪ੍ਰੈਸ਼ਰ ਘਟਾ ਦਿੰਦੇ ਹਨ, ਸਾਹ ਲੈਣ ਵਿੱਚ ਦਿੱਕਤ ਪੈਦਾ ਕਰਦੇ ਹਨ ਅਤੇ ਕਈ ਵਾਰ ਮਰੀਜ਼ ਕੋਮਾ ਵਿੱਚ ਵੀ ਚਲਾ ਜਾਂਦਾ ਹੈ। ਕਈ ਕੇਸਾਂ ਵਿੱਚ ਇਹ ਹਾਲਤ ਮੌਤ ਦਾ ਕਾਰਣ ਵੀ ਬਣ ਸਕਦੀ ਹੈ।
ਸਿਰਫ਼ ਇੱਕ ਟੈਸਟ ਲਈ ਹਸਪਤਾਲ ਗਈ ਸੀ
ਲੇਟਿਸੀਆ ਦੀ ਚਾਚੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਉਹ ਸਿਰਫ਼ ਇੱਕ ਜਾਂਚ ਲਈ ਹਸਪਤਾਲ ਗਈ ਸੀ, ਸਾਨੂੰ ਕਦੇ ਵੀ ਨਹੀਂ ਲੱਗਿਆ ਸੀ ਕਿ ਇਹ ਉਸਦੀ ਆਖ਼ਰੀ ਪਲ ਹੋਣਗੇ। ਪ੍ਰਕਿਰਿਆ ਸ਼ੁਰੂ ਹੋਣ ਨਾਲ ਹੀ ਉਸਦੀ ਤਬੀਅਤ ਖਰਾਬ ਹੋਣ ਲੱਗੀ। ਅਸੀਂ ਸੋਚਿਆ ਸੀ ਡਾਕਟਰ ਉਸਨੂੰ ਸੰਭਾਲ ਲੈਣਗੇ, ਪਰ ਉਹ ਸਾਨੂੰ ਛੱਡ ਗਈ।” ਪਰਿਵਾਰ ਹੁਣ ਇਸ ਗੱਲ ਨਾਲ ਗਹਿਰੇ ਸਦਮੇ ਵਿੱਚ ਹੈ ਕਿ ਇੱਕ ਆਮ ਮੈਡੀਕਲ ਟੈਸਟ ਕਿਵੇਂ ਉਹਨਾਂ ਦੀ ਧੀ ਦੀ ਮੌਤ ਦਾ ਕਾਰਣ ਬਣ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਐਨਾਫ਼ਿਲੈਕਟਿਕ ਸ਼ਾਕ ਦਾ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਮਿੰਟਾਂ ਵਿੱਚ ਜ਼ਿੰਦਗੀ ਖਤਮ ਕਰ ਸਕਦਾ ਹੈ।
ਸੀਟੀ ਸਕੈਨ ਦੌਰਾਨ ਮੌਤ ਕਿਉਂ ਹੋਈ?
ਸੀਟੀ ਸਕੈਨ ਪ੍ਰਕਿਰਿਆ ਵਿੱਚ ਕਈ ਵਾਰ ਕਾਨਟ੍ਰਾਸਟ ਡਾਈ (contrast dye) ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਸਰੀਰ ਦੀ ਅੰਦਰੂਨੀ ਬਣਤਰ ਨੂੰ ਹੋਰ ਵਧੀਆ ਢੰਗ ਨਾਲ ਦੇਖਿਆ ਜਾ ਸਕੇ। ਕੁਝ ਮਰੀਜ਼ਾਂ ਨੂੰ ਇਸ ਕਾਨਟ੍ਰਾਸਟ ਡਾਈ ਨਾਲ ਐਲਰਜੀ ਹੁੰਦੀ ਹੈ। ਇਹੀ ਐਲਰਜੀ ਐਨਾਫ਼ਿਲੈਕਟਿਕ ਸ਼ਾਕ ਦਾ ਕਾਰਣ ਬਣ ਸਕਦੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੇਟਿਸੀਆ ਦੀ ਮੌਤ ਵੀ ਇਸੇ ਕਾਰਨ ਨਾਲ ਹੋਈ।
ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਬੰਧਨ ‘ਤੇ ਵੀ ਸਵਾਲ ਉਠ ਰਹੇ ਹਨ ਕਿ —
- ਕੀ ਡਾਕਟਰਾਂ ਨੇ ਪਹਿਲਾਂ ਤੋਂ ਐਲਰਜੀ ਟੈਸਟ ਕੀਤਾ ਸੀ?
- ਕੀ ਹਸਪਤਾਲ ਕੋਲ ਤੁਰੰਤ ਐਨਾਫ਼ਿਲੈਕਟਿਕ ਸ਼ਾਕ ਨਾਲ ਨਿਪਟਣ ਲਈ ਪੂਰੀਆਂ ਦਵਾਈਆਂ ਅਤੇ ਉਪਕਰਣ ਮੌਜੂਦ ਸਨ?
- ਕੀ ਮਰੀਜ਼ ਅਤੇ ਪਰਿਵਾਰ ਨੂੰ ਇਸ ਪ੍ਰਕਿਰਿਆ ਦੇ ਸੰਭਾਵਿਤ ਖ਼ਤਰਿਆਂ ਬਾਰੇ ਦੱਸਿਆ ਗਿਆ ਸੀ?






















