CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਲਈ ਝੋਨੇ ਦੀ ਬਿਜਾਈ ਅਤੇ ਬਿਜਲੀ ਸਪਲਾਈ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਸਾਉਣੀ ਸੀਜ਼ਨ ਦੌਰਾਨ ਝੋਨਾ ਲਾਉਣ ਲਈ ਪੰਜਾਬ ਨੂੰ ਚਾਰ ਜ਼ੋਨਾਂ 'ਚ ਵੰਡਿਆ ਗਿਆ ਹੈ। ਜਿਹੜੇ ਜ਼ੋਨ 'ਚ ਝੋਨਾ ਲੱਗੇਗਾ, ਉਸ ਜ਼ੋਨ ਜ਼ਿਲ੍ਹਿਆਂ 'ਚ ਕਿਸਾਨਾਂ ਨੂੰ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ 'ਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਕਿ ਝੋਨੇ ਦੀ ਸਿੱਧੀ ਬਿਜਾਈ (ਡੀਆਰਐੱਸ) 15 ਮਈ ਤੋਂ ਸ਼ੁਰੂ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ 15 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਹੋਵੇਗੀ।
ਪਹਿਲਾ ਜ਼ੋਨ (15 ਮਈ ਤੋਂ) : ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਚੱਲੇਗੀ। ਨਹਿਰੀ ਪਾਣੀ ਦੇ ਨਾਲ-ਨਾਲ ਅੱਠ ਘੰਟੇ ਸਪਲਾਈ ਦਿੱਤੀ ਜਾਵੇਗੀ।
ਦੂਜਾ ਜ਼ੋਨ (1 ਜੂਨ ਤੋਂ) : ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਇਕ ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰ ਸਕਦੇ ਹਨ।
ਤੀਜਾ ਜ਼ੋਨ (5 ਜੂਨ ਤੋਂ) : ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ 5 ਜੂਨ ਤੋਂ ਝੋਨਾ ਬੀਜਣਾ ਸ਼ੁਰੂ ਕਰਨਗੇ।
ਚੌਥਾ ਜ਼ੋਨ (9 ਜੂਨ ਤੋਂ) : ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ 9 ਜੂਨ ਤੋਂ ਝੋਨਾ ਬੀਜਣਾ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਲਵਾਈ ਦੌਰਾਨ ਅੱਠ ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਝੋਨੇ ਦੀ ਲਵਾਈ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਸਤੇ ਇੱਕ ਮਈ ਤੋਂ ਸੂਬੇ ਦੇ ਸਾਰੇ ਖਾਲ਼ਾਂ ਵਿੱਚ ਨਹਿਰੀ ਪਾਣੀ ਛੱਡਿਆ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦੋ ਤੋਂ ਚਾਰ ਮੀਟਰ ਤਕ ਉੱਪਰ ਆਇਆ ਹੈ ਤੇ ਸਰਕਾਰ ਨੇ 21 ਲੱਖ ਕਿਊਬਿਕ ਮੀਟਰ ਧਰਤੀ ਹੇਠਲਾ ਪਾਣੀ ਰੀਚਾਰਜ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1 ਮਈ ਤੋਂ ਨਹਿਰਾਂ ਸੂਏ, ਰਜਵਾਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਕਿ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇ ਅਤੇ ਨਰਮਾ ਮੱਕੀ ਕਪਾਹ ਲਈ ਪਾਣੀ ਦੀ ਵਰਤੋਂ ਹੋ ਸਕੇ।
। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਜ਼ੋਨਾਂ ਵਿੱਚ ਵੰਡਣ ਦੇ ਕਈ ਵੱਡੇ ਫਾਇਦੇ ਹੋਣਗੇ। ਬਿਜਲੀ ਗਰਿੱਡਾਂ 'ਤੇ ਇਕਦਮ ਲੋਡ ਨਹੀਂ ਪਵੇਗਾ, ਜਿਸ ਨਾਲ ਬਿਜਲੀ ਸਪਲਾਈ ਬਿਹਤਰ ਰਹੇਗੀ। ਸੀਜ਼ਨ ਲੰਬਾ ਹੋਣ ਕਾਰਨ ਕਿਸਾਨਾਂ ਨੂੰ ਲੇਬਰ (ਮਜ਼ਦੂਰਾਂ) ਦੀ ਕਮੀ ਨਹੀਂ ਆਵੇਗੀ। ਸਰਕਾਰ ਨੂੰ ਪਤਾ ਹੋਵੇਗਾ ਕਿ ਕਿਹੜੇ ਜ਼ੋਨ ਦੀ ਫ਼ਸਲ ਪਹਿਲਾਂ ਆਉਣੀ ਹੈ, ਜਿਸ ਨਾਲ ਮੰਡੀਆਂ ਵਿੱਚ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣਗੇ ਅਤੇ ਭੀੜ ਨਹੀਂ ਪਵੇਗੀ। ਵਾਢੀ ਵੇਲੇ ਵੀ ਕਿਸਾਨਾਂ ਨੂੰ ਕੰਬਾਈਨਾਂ ਲਈ ਜੱਦੋ-ਜਹਿਦ ਨਹੀਂ ਕਰਨੀ ਪਵੇਗੀ।





















