(Source: ECI/ABP News/ABP Majha)
ਕਿਸਾਨਾਂ ਦੀ ਮੋਦੀ ਸਰਕਾਰ ਖਿਲਾਫ ਪੱਕਾ ਮੋਰਚਾ
ਖੇਤੀ ਬਿੱਲਾਂ ਖਿਲਾਫ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇੰਨਾ ਹੀ ਨਹੀਂ ਸਿਆਸੀ ਹਲਕਿਆਂ 'ਚ ਵੀ ਆਰਡੀਨੈਂਸਾਂ ਦਾ ਮੁੱਦਾ ਜ਼ੋਰ ਫੜ੍ਹ ਗਿਆ ਹੈ। ਅਜਿਹੇ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ। ਬੇਸ਼ੱਕ ਹਰਸਮਿਰਤ ਨੇ ਕੁਰਸੀ ਵਾਰ ਦਿੱਤੀ ਪਰ ਵਿਰੋਧੀ ਧਿਰਾਂ ਇਸ ਨੂੰ ਅਕਾਲੀ ਦਲ ਦਾ ਡਰਾਮਾ ਕਰਾਰ ਦੇ ਰਹੀਆਂ ਹਨ।ਦਰਅਸਲ ਹਰਸਿਮਰਤ ਬਾਦਲ ਲਈ ਕੈਬਨਿਟ ਅਹੁਦੇ ਤੋਂ ਅਸਤੀਫਾ ਦੇਣਾ ਮਜ਼ਬੂਰੀ ਬਣ ਗਿਆ ਸੀ ਕਿਉਂਕਿ ਪੰਜਾਬ 'ਚ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਖੇਤੀ ਬਿੱਲਾਂ ਖਿਲਾਫ ਡਟ ਗਈਆਂ ਸਨ। ਦੂਜਾ 2022 'ਚ ਪੰਜਾਬ ਵਿਧਾਨ ਸਭਾ ਚੋਣਾਂ ਹਨ। ਅਜਿਹੇ 'ਚ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਆਪਣਾ ਅਕਸ ਸੁਧਾਰਨ ਦਾ ਇਹ ਸਹੀ ਮੌਕਾ ਲੱਗਾ। ਹਾਲਾਂਕਿ ਅਕਾਲੀ ਦਲ ਦੀ ਇਸ ਸਿਆਸੀ ਚਾਲ ਨੂੰ ਇੱਥੋਂ ਸਮਝਿਆ ਜਾ ਸਕਦਾ ਕਿ ਹਰਸਿਮਰਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਭਾਈਵਾਲੀ ਪਾਰਟੀ ਦਾ ਸਾਥ ਨਹੀਂ ਛੱਡਿਆ।
ਉਧਰ ਖੇਤੀ ਬਿੱਲਾਂ ਖਿਲਾਫ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਖੇਤੀ ਬਿੱਲਾਂ ਖਿਲਾਫ ਕਿਸਾਨ ਸੜਕਾਂ 'ਤੇ ਉੱਤਰ ਆਏ ਹਨ। ਅਜਿਹੇ 'ਚ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਨੇ ਅਗਲੀ ਰਣਨੀਤੀ ਐਲਾਨ ਦਿੱਤੀ ਹੈ। ਹਰਿਆਣਾ ''ਚ 20 ਸਤੰਬਰ ਨੂੰ ਸੜਕ ਰੋਕੋ ਅੰਦੋਲਨ ਹੋਵੇਗਾ। ਬਿੱਲ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਯੂਨੀਅਨ 24 ਸਤੰਬਰ ਤੋਂ 26 ਸਤੰਬਰ ਸਤੰਬਰ ਦਰਮਿਆਨ ਪੰਜਾਬ 'ਚ ਰੇਲ ਰੋਕੋ ਅੰਦੋਲਨ ਕਰੇਗੀ। 25 ਸਤੰਬਰ ਨੂੰ ਪੰਜਾਬ ਬੰਦ ਦੀ ਅਪੀਲ ਵੀ ਕੀਤੀ ਗਈ ਹੈ।