Amritpal Singh Khalsa Biography : ਕੌਣ ਹੈ ਅੰਮ੍ਰਿਤਪਾਲ ਸਿੰਘ ਖ਼ਾਲਸਾ, ਕੇਂਦਰੀ ਏਜੇਂਸੀਆਂ ਨੇ ਖੋਲ੍ਹੀ ਕੁੰਡਲੀ | Special report
Amritpal Singh Khalsa : ਕੌਣ ਹੈ ਅੰਮ੍ਰਿਤਪਾਲ ਸਿੰਘ ਖ਼ਾਲਸਾ, ਕੇਂਦਰੀ ਏਜੇਂਸੀਆਂ ਨੇ ਖੋਲ੍ਹੀ ਕੁੰਡਲੀ | Special report
ਇੱਕੋ ਦਮ ਚਰਚਾ ਵਿੱਚ ਆਏ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੇਂਦਰੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਏਜੰਸੀਆਂ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਸੁਚੇਤ ਕਰਦਿਆਂ ਅੰਮ੍ਰਿਤਪਾਲ ਨਾਲ ਸਬੰਧਤ ਜਾਣਕਾਰੀ ਮੰਗੀ ਹੈ।
ਦੱਸ ਦਈਏ ਕਿ ਮੋਗਾ ਦੇ ਪਿੰਡ ਰੋਡੇ ਵਿੱਚ ਕੁਝ ਦਿਨ ਪਹਿਲਾਂ 20 ਸਾਲਾਂ ਬਾਅਦ ਦੁਬਈ ਤੋਂ ਪਰਤੇ ਅੰਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਕੀਤੀ ਗਈ ਹੈ, ਜਿਸ ਨੂੰ ਕੇਂਦਰ ਤੇ ਰਾਜ ਦੀਆਂ ਖੁਫੀਆ ਏਜੰਸੀਆਂ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇੱਕ ਕੇਂਦਰੀ ਏਜੰਸੀ ਨੇ ਆਪਣੇ ਹੈੱਡਕੁਆਰਟਰ ਨੂੰ ਭੇਜੀ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਵਿਰੋਧੀ ਗੱਲਾਂ ਕਹੀਆਂ ਗਈਆਂ, ਏਜੰਸੀਆਂ ਅੰਮ੍ਰਿਤਪਾਲ ਦੇ ਭਾਸ਼ਣ ਤੇ ਵਿਚਾਰਧਾਰਾ ਨੂੰ ਦੇਸ਼ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲਾ ਮੰਨ ਰਹੀਆਂ ਹਨ। ਦੂਜੇ ਪਾਸੇ ਹਿੰਦੂ ਸੰਗਠਨਾਂ ਨੇ ਵੀ ਅੰਮ੍ਰਿਤਪਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਖਾਲਿਸਤਾਨੀ ਲਹਿਰ ਨੂੰ ਵਧਾਵਾ ਦੇ ਰਿਹਾ ਹੈ। ਪਿੰਡ ਰੋਡੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵਿੱਚ ਵੀ ਅਜਿਹੀਆਂ ਜਥੇਬੰਦੀਆਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਸ ਦਾ ਸਬੰਧ ਇੱਕ ਤਰ੍ਹਾਂ ਨਾਲ ਖਾਲਿਸਤਾਨੀ ਲਹਿਰ ਨਾਲ ਸੀ। ਸਟੇਜ ਤੋਂ ਖਾਲਿਸਤਾਨੀ ਨਾਅਰੇ ਵੀ ਲਾਏ ਗਏ। ਬੱਬਰ ਖਾਲਸਾ, ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਪੁਰਾਣੇ ਮੈਂਬਰ ਵੀ ਇਸ ਵਿੱਚ ਨਜ਼ਰ ਆਏ।
ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀ ਸੀਆਈਡੀ ਤੇ ਆਈਬੀ ਦੇ ਕੁਝ ਖੁਫੀਆ ਏਜੰਟਾਂ ਨੇ ਅੰਮ੍ਰਿਤਪਾਲ ਦੇ ਪਿੰਡ ਜੰਡੂਪੁਰ ਖੇੜਾ ਦਾ ਦੌਰਾ ਵੀ ਕੀਤਾ ਹੈ। ਕੁਝ ਅਧਿਕਾਰੀ ਪਿੰਡ ਦੇ ਲੋਕਾਂ ਤੇ ਬਜ਼ੁਰਗਾਂ ਨੂੰ ਮਿਲੇ ਤੇ ਜਾਣਕਾਰੀ ਹਾਸਲ ਕੀਤੀ।ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦਾ ਪਰਿਵਾਰ 2012 ਤੋਂ ਪਹਿਲਾਂ ਹੀ ਦੁਬਈ ਚਲਾ ਗਿਆ ਸੀ। ਉਥੇ ਪਰਿਵਾਰ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਦਿੱਤਾ। 2013 'ਚ ਦੁਬਈ 'ਚ ਟਰਾਂਸਪੋਰਟ ਦਾ ਕਾਰੋਬਾਰ ਖੁਦ ਦੇਖਣ ਲੱਗਾ। ਅੰਮ੍ਰਿਤਪਾਲ ਦੋ ਮਹੀਨੇ ਪਹਿਲਾਂ ਹੀ ਦੁਬਈ ਤੋਂ ਪੰਜਾਬ ਆਇਆ ਸੀ। ਏਜੰਸੀਆਂ ਇਸ ਗੱਲ ਨੂੰ ਲੈ ਕੇ ਵੀ ਚੌਕਸ ਹਨ ਕਿ ਅੰਮ੍ਰਿਤਪਾਲ ਦਾ ਚਾਚਾ, ਤਾਇਆ, ਪਿਤਾ-ਮਾਤਾ ਅਤੇ ਕੋਈ ਵੀ ਰਿਸ਼ਤੇਦਾਰ ਉਸ ਨਾਲ ਕਿਉਂ ਨਹੀਂ ਆਇਆ। ਪਿੰਡ ਵਿੱਚ ਜਾਂਚ ਕਰਨ ਗਏ ਖੁਫੀਆ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਨੇ ਦੱਸਿਆ ਕਿ ਉਹ ਬਹੁਤ ਸ਼ਰਮੀਲਾ ਸੀ। ਪੜ੍ਹਾਈ ਵਿੱਚ ਵੀ ਬਹੁਤ ਤੇਜ਼ ਨਹੀਂ ਸੀ। ਤੇ ਖਾਲਿਸਤਾਨੀ ਵਿਚਾਰਧਾਰਾ ਦੇ ਸਬਕ ਉਸ ਨੂੰ ਦੁਬਈ ਵਿੱਚ ਹੀ ਪੜ੍ਹਾਏ ਗਏ ਹਨ। ਏਜੰਸੀਆਂ ਅੰਮ੍ਰਿਤਪਾਲ ਦੇ ਖਾਲਿਸਤਾਨੀ ਗੁਰਦੀਪ ਸਿੰਘ ਖੇੜਾ ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀਆਂ ਹਨ। ਖੇੜਾ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।
ਹੁਣ ਏਜੰਸੀਆਂ ਉਸ ਨੈੱਟਵਰਕ ਦੀ ਤਲਾਸ਼ ਕਰ ਰਹੀਆਂ ਹਨ, ਜਿਸ ਨੇ ਉਸ ਨੂੰ ਖਾਲਿਸਤਾਨੀ ਲਹਿਰ ਚਲਾਉਣ ਲਈ ਸਿਖਲਾਈ ਦਿੱਤੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋੜ ਪੈਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।