Kisan Andolan | Shambu Border 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ | Dallewal | abp sanjha
Kisan Andolan | Shambu Border 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ | Dallewal | abp sanjha
ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਪਿਛਲੇ ਸਾਲ ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਅਗਲੀ ਰਣਨੀਤੀ ਬਾਰੇ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 6 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਸ਼ੰਭੂ ਬਾਰਡਰ ਵਿਖੇ ਮਨਾਇਆ ਜਾਵੇਗਾ। ਅਜਿਹੇ ਵਿੱਚ ਪਟਿਆਲਾ ਨੇੜਲੇ ਪਿੰਡਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪਹੁੰਚਣ। ਇਸ ਵਿੱਚ ਕਿਸਾਨ ਜਥੇਬੰਦੀਆਂ ਆਪਣੇ ਕਾਡਰਾਂ ਸਮੇਤ ਹਿੱਸਾ ਲੈਣਗੀਆਂ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਸਰਦ ਰੁੱਤ ਇਜਲਾਸ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਕਿਸਾਨਾਂ ਦੀਆਂ ਹੋਰ 13 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰੇ। ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਸ਼ੰਭੂ ਬਾਰਡਰ 'ਤੇ ਲੋਕਾਂ ਦੀ ਗਿਣਤੀ ਵਧਾਈ ਜਾਵੇਗੀ ਤੇ ਜਲਦ ਹੀ ਦਿੱਲੀ ਕੂਚ ਦੇ ਫੈਸਲੇ ਦਾ ਐਲਾਨ ਕੀਤਾ ਜਾਏਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ 'ਤੇ ਕੋਈ ਠੋਸ ਫੈਸਲਾ ਨਹੀਂ ਲੈਂਦੀ।
ਦੂਜੇ ਪਾਸੇ ਖਨੌਰੀ ਬਾਰਡਰ ’ਤੇ ਵੀ ਕਿਸਾਨਾਂ ਦੀ ਮੀਟਿੰਗ ਹੋਈ। ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਬੁੱਧਵਾਰ) 37ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਹੁਣ ਖਨੌਰੀ ਸਰਹੱਦ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਈ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਹਾਲਾਂਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਧਰ, 4 ਜਨਵਰੀ ਨੂੰ ਖਨੌਰੀ ਮੋਰਚੇ ਵਿੱਚ ਕਿਸਾਨਾਂ ਦੀ ਤਰਫ਼ੋਂ ਮਹਾਂਪੰਚਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ 44 ਸਾਲ ਕਿਸਾਨ ਵਰਗ ਦੀ ਸੇਵਾ ਕੀਤੀ ਹੈ। ਉਹ ਮਹਾਪੰਚਾਇਤ ਦੌਰਾਨ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਇਸ ਦੌਰਾਨ ਡੱਲੇਵਾਲ ਲੋਕਾਂ ਨੂੰ ਸੰਦੇਸ਼ ਜਾਰੀ ਕਰਨਗੇ।
ਇਸ ਦੌਰਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ 76/44 ਤੱਕ ਡਿੱਗ ਗਿਆ ਜੋ ਕਿ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ਵਿੱਚ ਸਮੂਹ ਕਿਸਾਨਾਂ ਨੂੰ ਇੱਕ ਅਹਿਮ ਸੁਨੇਹਾ ਦੇਣਾ ਚਾਹੁੰਦੇ ਹਨ।