Kejriwal ਦਾ ਵੱਡਾ ਦਾਅਵਾ - Punjab ਦੇ ਲੋਕਾਂ ਦੇ ਆਉਣ ਲੱਗੇ ਜ਼ੀਰੋ ਬਿਜਲੀ ਦੇ ਬਿੱਲ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹੋਣਗੇ। ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਭਰਨਾ ਪਵੇਗਾ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ; ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਦੇ ਵੀ ਜ਼ੀਰੋ ਬਿਜਲੀ ਦੇ ਬਿੱਲ ਆਉਣ ਲੱਗੇ ਹਨ। ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ। ਅਸੀਂ ਆਪਣੇ ਦੋਸਤਾਂ ਦੇ ਕਰਜ਼ੇ ਮਾਫ ਨਹੀਂ ਕਰਦੇ, ਅਸੀਂ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰਦੇ ਹਾਂ। ਇਨ੍ਹਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ। ਗੁਜਰਾਤ ! ਓਥੇ ਵੀ ਇਹ ਚਮਤਕਾਰ ਹੋ ਸਕਦਾ ਹੈ। ਚਾਬੀ ਤੁਹਾਡੇ ਹੱਥ ਵਿੱਚ ਹੈ।
ਉਨ੍ਹਾਂ ਕਿਹਾ ਕਿ ਅਗਸਤ ਮਹੀਨੇ 'ਚ ਤਿਆਰ ਹੋ ਰਹੇ ਬਿਜਲੀ ਦੇ ਬਿੱਲ 'ਚ 1 ਜੁਲਾਈ ਤੋਂ ਮਾਫ਼ ਹੋਈ ਬਿਜਲੀ ਦੇ 300 ਯੁਨਿਟ ਨੂੰ ਮਾਫ਼ ਕੀਤਾ ਜਾ ਰਿਹਾ ਹੈ ਅਤੇ 3 ਰੁਪਏ ਪ੍ਰਤਿ ਯੁਨਿਟ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਸਬਸਿਡੀ ਦੇ ਫਾਇਦੇ ਦੇ ਨਾਲ ਹੀ 300 ਯੁਨਿਟ ਦੀ ਮਾਫ਼ੀ ਵੀ ਮਿਲ ਰਹੀ ਹੈ। ਪੰਜਾਬ 'ਚ ਅਗਸਤ ਮਹੀਨੇ ਦੇ ਪਹਿਲੇ ਦਿਨਾਂ 'ਚ ਤਿਆਰ ਹੋ ਰਹੇ ਬਿਜਲੀ ਦੇ ਬਿਲ 'ਚ ਭਗਵੰਤ ਸਰਕਾਰ ਦੇ ਵਾਅਦੇ ਦੁ ਝਲਕ ਦਿਖਾਈ ਦੇ ਰਹੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰੇਲੂ ਸ੍ਰੇਣੀ ਦੇ ਸਾਰੇ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜੇ ਬਿਜਲੀ ਬਿਲ ਮੁਆਫ ਕਰ ਦਿੱਤੇ ਸਨ। ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪੰਜਾਬ 'ਚ 1 ਜੁਲਾਈ ਤੋਂ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਹੋ ਗਈ ਹੈ। ਇਸ ਸਕੀਮ ਦੇ ਤਹਿਤ ਇੱਕ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਬਜਟ 'ਚ 300 ਯੂਨਿਟ ਮੁਫ਼ਤ ਬਿਜਲੀ ਲਈ ਵਿਵਸਥਾ ਕੀਤੀ ਗਈ ਹੈ। ਸਰਕਾਰ ਦਾ ਦਾਅਵਾ 73 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸ਼ਰਤਾਂ ਨਾਲ ਮੁਫ਼ਤ ਬਿਜਲੀ ਮਿਲੇਗੀ। 2 ਮਹੀਨੇ ਦੇ ਬਿੱਲ ਤੇ 600 ਯੂਨਿਟ ਫ੍ਰੀ ਮਿਲਣਗੇ ਪਰ ਜੇ 600 ਤੋਂ ਇੱਕ ਵੀ ਯੂਨਿਟ ਵੱਧ ਹੁੰਦੀ ਹੈ ਤਾਂ ਪੂਰੇ ਦਾ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ।