ਪੰਜਾਬ ਦੀਆਂ ਸੜਕਾਂ 'ਤੇ ਹੋਇਆ ਚੱਕਾ ਜਾਮ, ਕਿਸਾਨਾਂ ਨੇ ਲਾਇਆ ਧਰਨਾ
ਸੰਯੁਕਤ ਕਿਸਾਨ ਮੋਰਚਾ (SKM) ਨੇ ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਮੁੱਖ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖ਼ਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿਸਾਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ 4 ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰ ਰਹੇ ਹਨ।
ਐਸਕੇਐਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕੱਲ੍ਹ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲਿਆ ਗਿਆ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਜੇ ਸੂਬਾ ਸਰਕਾਰ 4 ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ। ਸਰਕਾਰ ਕੰਮ ਕਰਨ ਵਿੱਚ ਅਸਫਲ ਰਹੀ ਹੈ।
ਜਲੰਧਰ ਵਿੱਚ ਵੀ ਕਿਸਾਨਾਂ ਦਾ ਰੋਸ ਪ੍ਰਦਰਸ਼ਨ
ਜਲੰਧਰ ਜ਼ਿਲ੍ਹੇ 'ਚ 5 ਥਾਵਾਂ 'ਤੇ ਹਾਈਵੇਅ ਜਾਮ ਕੀਤੇ ਗਏ ਹਨ। ਪਰਾਗਪੁਰ ਵਿੱਚ ਜਲੰਧਰ-ਲੁਧਿਆਣਾ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫਿਲੌਰ 'ਚ ਜਲੰਧਰ-ਲੁਧਿਆਣਾ ਹਾਈਵੇਅ, ਭੋਗਪੁਰ 'ਚ ਭੋਗਪੁਰ-ਆਦਮਪੁਰ ਹਾਈਵੇਅ, ਕਰਤਾਰਪੁਰ 'ਚ ਜਲੰਧਰ-ਅੰਮ੍ਰਿਤਸਰ ਹਾਈਵੇਅ ਅਤੇ ਨਕੋਦਰ 'ਚ ਜਲੰਧਰ-ਬਠਿੰਡਾ ਰੋਡ 'ਤੇ ਜਾਮ ਲਗਾ ਦਿੱਤਾ ਗਿਆ ਹੈ।