ਹੁਣ ਤਲਾਕ ਤੋਂ ਬਾਅਦ ਪਤਨੀ ਦੇਵੇਗੀ ਪਤੀ ਨੂੰ ਹਰ ਮਹੀਨੇ ਗੁਜਾਰਾ ਭੱਤਾ, ਬੰਬੇ ਹਾਈਕੋਰਟ ਦਾ ਵੱਡਾ ਫੈਸਲਾ
ਦੇਸ਼ ਦੇ ਜ਼ਿਆਦਾਤਰ ਮਾਮਲਿਆਂ 'ਚ ਤਲਾਕ ਤੋਂ ਬਾਅਦ ਪਤੀ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣਾ ਪੈਂਦਾ ਹੈ ਪਰ ਮਹਾਰਾਸ਼ਟਰ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤ ਆਪਣੇ ਸਾਬਕਾ ਪਤੀ ਨੂੰ ਮਹੀਨਾਵਾਰ ਗੁਜ਼ਾਰਾ ਭੱਤਾ ਦੇਵੇਗੀ।
ਮੁੰਬਈ: ਦੇਸ਼ ਦੇ ਜ਼ਿਆਦਾਤਰ ਮਾਮਲਿਆਂ 'ਚ ਤਲਾਕ ਤੋਂ ਬਾਅਦ ਪਤੀ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣਾ ਪੈਂਦਾ ਹੈ ਪਰ ਮਹਾਰਾਸ਼ਟਰ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤ ਆਪਣੇ ਸਾਬਕਾ ਪਤੀ ਨੂੰ ਮਹੀਨਾਵਾਰ ਗੁਜ਼ਾਰਾ ਭੱਤਾ ਦੇਵੇਗੀ। ਦਰਅਸਲ, ਹਾਲ ਹੀ ਵਿੱਚ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਸਥਾਨਕ ਅਦਾਲਤ ਨੇ ਮਹਿਲਾ ਨੂੰ ਉਸ ਦੇ ਸਾਬਕਾ ਪਤੀ ਨੂੰ ਹਰ ਮਹੀਨੇ 3,000 ਰੁਪਏ ਗੁਜ਼ਾਰੇ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ।
ਹੁਣ ਉਸ ਫੈਸਲੇ ਨੂੰ ਬੰਬੇ ਹਾਈ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਸਾਬਕਾ ਪਤੀ ਦੀ ਮਾੜੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਅਦਾਲਤ ਨੇ ਉਸ ਸਕੂਲ ਨੂੰ ਵੀ ਹਦਾਇਤ ਕੀਤੀ ,ਜਿੱਥੇ ਔਰਤ ਪੜ੍ਹਾਉਂਦੀ ਹੈ, ਉਹ ਹਰ ਮਹੀਨੇ ਔਰਤ ਦੀ ਤਨਖਾਹ ਵਿੱਚੋਂ 5000 ਰੁਪਏ ਕੱਟ ਕੇ ਅਦਾਲਤ ਵਿੱਚ ਜਮ੍ਹਾ ਕਰਵਾਏ।
ਕੀ ਹੈ ਪੂਰਾ ਮਾਮਲਾ
ਦਰਅਸਲ ਦੋਹਾਂ ਦਾ ਵਿਆਹ 17 ਅਪ੍ਰੈਲ 1992 ਨੂੰ ਹੋਇਆ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਪਤਨੀ ਨੇ ਅਦਾਲਤ ਨੂੰ ਬੇਰਹਿਮੀ ਦੇ ਆਧਾਰ 'ਤੇ ਵਿਆਹ ਨੂੰ ਭੰਗ ਕਰਨ ਲਈ ਕਿਹਾ ਸੀ, ਜਿਸ ਨੂੰ ਸਥਾਨਕ ਅਦਾਲਤ ਨੇ ਸਾਲ 2015 ਵਿੱਚ ਮਨਜ਼ੂਰ ਕਰ ਲਿਆ ਸੀ। ਤਲਾਕ ਤੋਂ ਬਾਅਦ ਪਤੀ ਨੇ ਨਾਂਦੇੜ ਦੀ ਹੇਠਲੀ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਤੇ ਪਤਨੀ ਕੋਲ ਨੌਕਰੀ ਹੈ, ਜਿਸ ਦੇ ਮੱਦੇਨਜ਼ਰ ਉਸ ਨੇ ਪਤਨੀ ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੱਕੇ ਗੁਜ਼ਾਰੇ ਦੀ ਮੰਗ ਕੀਤੀ ਹੈ। ਪਤੀ ਦੀ ਦਲੀਲ ਸੀ ਕਿ ਉਸ ਕੋਲ ਨੌਕਰੀ ਨਹੀਂ ਹੈ, ਜਦੋਂ ਕਿ ਉਸ ਦੀ ਪਤਨੀ ਪੜ੍ਹੀ-ਲਿਖੀ ਹੈ।
ਪਤਨੀ ਨੂੰ ਪੜ੍ਹਾਉਣ 'ਚ ਯੋਗਦਾਨ
ਪਤੀ ਨੇ ਪਟੀਸ਼ਨ ਦਾਇਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਦੀ ਪੜ੍ਹਾਈ ਵਿੱਚ ਬਹੁਤ ਯੋਗਦਾਨ ਪਾਇਆ ਹੈ। ਉਸ ਨੇ ਦੱਸਿਆ ਕਿ ਆਪਣੀ ਪਤਨੀ ਨੂੰ ਪੜ੍ਹਾਉਣ ਲਈ ਉਸ ਨੇ ਆਪਣੀਆਂ ਕਈ ਖਾਹਿਸ਼ਾਂ ਨੂੰ ਪਾਸੇ ਕਰ ਦਿੱਤਾ ਸੀ ਤੇ ਘਰ ਨਾਲ ਸਬੰਧਤ ਚੀਜ਼ਾਂ ਦਾ ਪ੍ਰਬੰਧ ਕਰਨਾ ਸੀ। ਪਤੀ ਨੇ ਦਲੀਲ ਦਿੱਤੀ ਕਿ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਹਨ, ਜਿਸ ਕਾਰਨ ਉਸ ਦੀ ਸਿਹਤ ਠੀਕ ਨਹੀਂ ਹੈ। ਜਦਕਿ ਉਸਦੀ ਪਤਨੀ 30 ਹਜ਼ਾਰ ਮਹੀਨੇ ਦੀ ਕਮਾਈ ਕਰਦੀ ਹੈ।
ਮੇਰੀ ਕਮਾਈ 'ਤੇ ਨਿਰਭਰ ਬੇਟੀ
ਇਕ ਪਾਸੇ ਜਿੱਥੇ ਪਤੀ ਨੇ ਗੁਜਾਰਾ ਭੱਤੇ ਦੀ ਅਪੀਲ ਕੀਤੀ ਤਾਂ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਆਟੋ ਰਿਕਸ਼ਾ ਵੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਕਮਾਈ 'ਤੇ ਨਿਰਭਰ ਨਹੀਂ ਹੈ ਪਰ ਇਸ ਰਿਸ਼ਤੇ 'ਚ ਉਸ ਦੀ ਇਕ ਬੇਟੀ ਵੀ ਹੈ, ਜੋ ਮਾਂ ਦੀ ਕਮਾਈ 'ਤੇ ਨਿਰਭਰ ਹੈ। ਇਸ ਲਈ ਪਤੀ ਵੱਲੋਂ ਕੀਤੀ ਗੁਜ਼ਾਰੇ ਦੀ ਮੰਗ ਨੂੰ ਰੱਦ ਕੀਤਾ ਜਾਵੇ। ਪਤੀ-ਪਤਨੀ ਦੀਆਂ ਦਲੀਲਾਂ ਸੁਣਦੇ ਹੋਏ ਹੇਠਲੀ ਅਦਾਲਤ ਨੇ ਸਾਲ 2017 'ਚ ਹੁਕਮ ਦਿੱਤਾ ਸੀ ਕਿ ਔਰਤ ਨੂੰ ਆਪਣੇ ਪਤੀ ਨੂੰ 3000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣਾ ਹੋਵੇਗਾ।
ਹਾਲਾਂਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਮਹਿਲਾ ਸਾਬਕਾ ਪਤੀ ਨੂੰ ਪੈਸੇ ਨਹੀਂ ਦੇ ਰਹੀ ਸੀ, ਜਿਸ ਦੇ ਮੱਦੇਨਜ਼ਰ ਸਾਲ 2019 'ਚ ਇਕ ਹੋਰ ਹੁਕਮ ਦਿੱਤਾ ਗਿਆ ਸੀ, ਜਿਸ 'ਚ ਅਦਾਲਤ ਨੇ ਅਰਜ਼ੀ ਦੀ ਮਿਤੀ ਤੋਂ ਨਿਪਟਾਰੇ ਤੱਕ ਗੁਜਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਮਹਿਲਾ ਨੇ ਅਦਾਲਤ ਦੇ ਦੋਵਾਂ ਫੈਸਲਿਆਂ ਨੂੰ ਚੁਣੌਤੀ ਦਿੱਤੀ ਹੈ। ਇਸ ਨੂੰ ਬਰਕਰਾਰ ਰੱਖਦੇ ਹੋਏ ਜਸਟਿਸ ਡਾਂਗਰੇ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 25 ਦਾ ਹਵਾਲਾ ਦਿੱਤਾ। ਇਸ ਐਕਟ ਵਿੱਚ ਬੇਸਹਾਰਾ ਪਤਨੀ ਜਾਂ ਪਤੀ ਨੂੰ ਗੁਜਾਰਾ ਭੱਤਾ ਦੇਣ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਅੱਧੀਆਂ ਤੋਂ ਵੱਧ ਮਹਿਲਾਵਾਂ ਬਿਨ੍ਹਾਂ ਮਰਜ਼ੀ ਤੋਂ ਹੁੰਦੀਆਂ ਗਰਭਵਤੀ, ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਖੁਲਾਸਾ