10 ਵਜੇ ਤਨਖਾਹ, 10:05 'ਤੇ ਅਸਤੀਫਾ; ਕਰਮਚਾਰੀ ਦੀ ਇਸ ਹਰਕਤ ‘ਤੇ HR ਦਾ ਗੁੱਸਾ ਸੱਤਵੇਂ ਅਸਮਾਨ 'ਤੇ
ਲਿੰਕਡਇਨ ‘ਤੇ ਇੱਕ ਭਾਰਤੀ ਐਚ.ਆਰ. ਪ੍ਰੋਫੈਸ਼ਨਲ ਦੀ ਪੋਸਟ ਨੇ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਛੇੜ ਦਿੱਤੀ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਕਰਮਚਾਰੀ ਨੇ ਆਪਣੀ ਪਹਿਲੀ ਤਨਖ਼ਾਹ ਮਿਲਣ ਤੋਂ ਸਿਰਫ਼ ਪੰਜ ਮਿੰਟ ਬਾਅਦ ਹੀ ਅਸਤੀਫ਼ਾ..

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਐਚਆਰ ਅਤੇ ਕਰਮਚਾਰੀਆਂ ਨੂੰ ਲੈ ਕੇ ਮਜ਼ੇਦਾਰ ਵੀਡੀਓਜ਼ ਦੇਖਣ ਨੂੰ ਮਿਲਦੇ ਰਹਿੰਦੇ ਹਨ। ਪਰ ਇਸ ਵਾਰ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਰਮਚਾਰੀ ਨੇ ਆਪਣੀ ਪਹਿਲੀ ਤਨਖਾਹ ਲਈ ਅਤੇ 5 ਮਿੰਟਾਂ ਚ ਹੀ ਅਸਤੀਫਾ ਭੇਜ ਦਿੱਤਾ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ...
ਲਿੰਕਡਇਨ ‘ਤੇ ਇੱਕ ਭਾਰਤੀ ਐਚ.ਆਰ. ਪ੍ਰੋਫੈਸ਼ਨਲ ਦੀ ਪੋਸਟ ਨੇ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਛੇੜ ਦਿੱਤੀ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਕਰਮਚਾਰੀ ਨੇ ਆਪਣੀ ਪਹਿਲੀ ਤਨਖ਼ਾਹ ਮਿਲਣ ਤੋਂ ਸਿਰਫ਼ ਪੰਜ ਮਿੰਟ ਬਾਅਦ ਹੀ ਅਸਤੀਫ਼ਾ ਦੇ ਦਿੱਤਾ। ਪੋਸਟ ਮੁਤਾਬਕ, “ਸਵੇਰੇ 10:00 ਵਜੇ ਤਨਖ਼ਾਹ ਕ੍ਰੈਡਿਟ ਹੋਈ, 10:05 ਵਜੇ ਅਸਤੀਫ਼ੇ ਦਾ ਈਮੇਲ ਆ ਗਿਆ।” ਐਚ.ਆਰ. ਨੇ ਲਿਖਿਆ ਕਿ ਕੰਪਨੀ ਨੇ ਇਸ ਕਰਮਚਾਰੀ ਦੀ ਆਨਬੋਰਡਿੰਗ ‘ਚ ਘੰਟਿਆਂ ਲਗਾਏ ਅਤੇ ਟੀਮ ਨੇ ਉਸਨੂੰ ਸਿਖਲਾਈ ਦੇਣ ‘ਚ ਕਈ ਹਫ਼ਤੇ ਬਿਤਾਏ, ਪਰ ਤਨਖ਼ਾਹ ਆਉਂਦੇ ਹੀ ਉਸਨੇ ਨੌਕਰੀ ਛੱਡ ਦਿੱਤੀ।
HR ਨੇ ਆਖੀ ਇਹ ਗੱਲ
ਐਚ.ਆਰ. ਪ੍ਰੋਫੈਸ਼ਨਲ ਨੇ ਇਸ ਘਟਨਾ ਨੂੰ ਪੇਸ਼ਾਵਰ ਨੈਤਿਕਤਾ ਦੀ ਘਾਟ ਦੱਸਦਿਆਂ ਲਿਖਿਆ, “ਕੰਪਨੀ ਨੇ ਤੁਹਾਡਾ ਸਵਾਗਤ ਕੀਤਾ, ਤੁਹਾਡੇ ‘ਤੇ ਭਰੋਸਾ ਕੀਤਾ ਅਤੇ ਤੁਹਾਨੂੰ ਵਧਣ ਲਈ ਮੰਚ ਦਿੱਤਾ। ਪਰ ਤੁਸੀਂ ਪਹਿਲੀ ਤਨਖ਼ਾਹ ਖਾਤੇ ‘ਚ ਆਉਂਦੇ ਹੀ ਕੰਪਨੀ ਛੱਡ ਦਿੱਤੀ। ਕੀ ਇਹ ਠੀਕ ਸੀ? ਕੀ ਇਹ ਨੈਤਿਕ ਸੀ?”
ਉਨ੍ਹਾਂ ਅੱਗੇ ਕਿਹਾ, “ਜੇ ਕੁਝ ਠੀਕ ਨਹੀਂ ਲੱਗ ਰਿਹਾ ਸੀ ਤਾਂ ਤੁਸੀਂ ਗੱਲ ਕਰ ਸਕਦੇ ਸੀ, ਮਦਦ ਮੰਗ ਸਕਦੇ ਸੀ, ਸਪਸ਼ਟਤਾ ਲੈ ਸਕਦੇ ਸੀ। ਪਰ ਸੋਚ-ਵਿਚਾਰ ਕੇ ਬਾਹਰ ਨਿਕਲਣਾ ਚਾਹੀਦਾ ਸੀ, ਨਾ ਕਿ ਸਿਰਫ਼ ਸੁਵਿਧਾ ਅਨੁਸਾਰ। ਕੋਈ ਵੀ ਨੌਕਰੀ ‘ਆਸਾਨ’ ਨਹੀਂ ਹੁੰਦੀ। ਹਰ ਭੂਮਿਕਾ ਵਿੱਚ ਵਚਨਬੱਧਤਾ, ਧੀਰਜ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਪਹਿਲੀ ਤਨਖ਼ਾਹ ਤੁਹਾਡਾ ਵਿਕਾਸ ਨਹੀਂ ਲਿਆਉਂਦੀ, ਵਿਕਾਸ ਧੀਰਜ ਅਤੇ ਲਗਨ ਨਾਲ ਆਉਂਦਾ ਹੈ।”
ਸੋਸ਼ਲ ਮੀਡੀਆ 'ਤੇ ਮਿਲੀ ਰਹੀ ਅਜਿਹੀ ਪ੍ਰਤੀਕਿਰਿਆ
ਇਸ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਿਲੇ-ਜੁਲੇ ਵਿਚਾਰ ਸਾਹਮਣੇ ਆਏ। ਕੁਝ ਲੋਕਾਂ ਨੇ ਐਚ.ਆਰ. (HR) ਦਾ ਸਮਰਥਨ ਕੀਤਾ, ਤਾਂ ਕਈਆਂ ਨੇ ਕਰਮਚਾਰੀ ਦਾ ਪੱਖ ਲਿਆ। ਇੱਕ ਯੂਜ਼ਰ ਨੇ ਲਿਖਿਆ, “ਜਦੋਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਤਰਜੀਹ ਦੇਣਗੀਆਂ, ਤਦੋਂ ਕਰਮਚਾਰੀ ਵੀ ਕੰਪਨੀਆਂ ਨੂੰ ਤਰਜੀਹ ਦੇਣਗੇ।” ਦੂਜੇ ਨੇ ਕਿਹਾ, “ਨੈਤਿਕਤਾ? ਤਨਖ਼ਾਹ ਤਾਂ ਪਹਿਲਾਂ ਕੀਤਾ ਕੰਮ ਦੇ ਬਦਲੇ ਮਿਲਦੀ ਹੈ, ਨਾ ਕਿ ਦਾਨ ‘ਚ। ਜੇ ਕੋਈ ਤਨਖ਼ਾਹ ਮਿਲਣ ਤੋਂ ਬਾਅਦ ਅਸਤੀਫ਼ਾ ਦਿੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਸਨੇ ਉਸ ਮਹੀਨੇ ਦੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ।”
ਕੁਝ ਲੋਕਾਂ ਨੇ ਕੰਪਨੀਆਂ ਵੱਲੋਂ ਅਚਾਨਕ ਕਰਮਚਾਰੀ ਕੱਢੇ ਜਾਣ ਦਾ ਮੁੱਦਾ ਵੀ ਚੁੱਕਿਆ। ਇੱਕ ਯੂਜ਼ਰ ਨੇ ਲਿਖਿਆ, “ਮਹੀਨੇ ਦੇ ਵਿਚਕਾਰ ਬਿਨਾਂ ਨੋਟਿਸ ਜਾਂ ਸਪਸ਼ਟੀਕਰਨ ਦੇ ਕਰਮਚਾਰੀਆਂ ਨੂੰ ਕੱਢਣਾ ਕਿਵੇਂ ਠੀਕ ਹੈ?”





















