ਵਿਗਿਆਨੀਆਂ ਨੇ ਲੱਭੀ ਮੱਕੜੀਆਂ ਦੀ ਨਵੀਂ ਪ੍ਰਜਾਤੀ, ਨਾਂ ਰੱਖਿਆ 26/11 ਦੇ ਨਾਇਕ ASI ਤੁਕਾਰਾਮ ਦੇ ਨਾਂ ’ਤੇ, ਜਿਨ੍ਹੇ ਕਸਾਬ ਨੂੰ ਫੜਿਆ ਸੀ
ਵਿਗਿਆਨਕ ਭਾਈਚਾਰੇ ਨੇ ਮੱਕੜੀ ਦੀ ਇੱਕ ਨਵੀਂ ਪ੍ਰਜਾਤੀ ਨੂੰ ਮਾਨਤਾ ਦਿੱਤੀ ਹੈ ਤੇ ਉਸ ਦਾ ਨਾਂਅ 26/11 ਦੇ ਨਾਇਕ ਅਸਿਸਟੈਂਟ ਸਬ–ਇੰਸਪੈਕਟਰ ਤੁਕਾਰਾਮ ਓਮਬਲੇ ਦੇ ਨਾਂ ’ਤੇ ਰੱਖਿਆ ਗਿਆ ਹੈ।
ਮੁੰਬਈ: ਵਿਗਿਆਨਕ ਭਾਈਚਾਰੇ ਨੇ ਮੱਕੜੀ ਦੀ ਇੱਕ ਨਵੀਂ ਪ੍ਰਜਾਤੀ ਨੂੰ ਮਾਨਤਾ ਦਿੱਤੀ ਹੈ ਤੇ ਉਸ ਦਾ ਨਾਂਅ 26/11 ਦੇ ਨਾਇਕ ਅਸਿਸਟੈਂਟ ਸਬ–ਇੰਸਪੈਕਟਰ ਤੁਕਾਰਾਮ ਓਮਬਲੇ ਦੇ ਨਾਂ ’ਤੇ ਰੱਖਿਆ ਗਿਆ ਹੈ। ਮਹਾਰਾਸ਼ਟਰ ਪੁਲਿਸ ਦੇ ਇਸ ਏਐੱਸਆਈ ਨੇ ਪਾਕਿਸਤਾਨ ਤੋਂ ਭਾਰਤ ਉੱਤੇ ਹਮਲਾ ਕਰਨ ਆਏ ਖ਼ਤਰਨਾਕ ਅੱਤਵਾਦੀ ਅਜਮਲ ਕਸਾਬ ਨੂੰ ਫੜਨ ਵਿੱਚ ਮਦਦ ਕੀਤੀ ਸੀ।
ਵਿਗਿਆਨੀਆਂ ਨੇ ਇਸ ਨਵੀਂ ਮੱਕੜੀ ਦਾ ਨਾਂ Icius Tukarami ਰੱਖਿਆ ਹੈ ਤੇ ਇਸ ਦਾ ਜ਼ਿਕਰ ਖੋਜਕਾਰਾਂ ਦੀ ਟੀਮ ਨੇ ਆਪਣੇ ਇੱਕ ਪੇਪਰ ’ਚ ਕੀਤਾ ਹੈ। ਉਨ੍ਹਾਂ Genera Phintella ਨਾਂ ਦੀ ਇੱਕ ਹੋਰ ਮੱਕੜੀ ਵੀ ਮਹਾਰਾਸ਼ਟਰ ਰਾਜ ’ਚੋਂ ਲੱਭੀ ਹੈ।
ਖੋਜ ਵਿੱਚ ਕਿਹਾ ਗਿਆ ਹੈ, “ਇਹ ਖੋਜ 26/11 ਦੇ ਮੁੰਬਈ ਹਮਲੇ ਦੇ ਦੇ ਨਾਇਕ ਏਐੱਸਆਈ ਤੁਕਾਰਾਮ ਓਮਬਲੇ ਨੂੰ ਸਮਰਪਿਤ ਹੈ। ਇਸ ਪੁਲਿਸ ਅਧਿਕਾਰੀ ਨੇ ਕਸਾਬ ਨੂੰ ਜਿਊਂਦਾ ਫੜਨ ਲਈ ਆਪਣੇ ਸਰੀਰ ਉੱਤੇ 23 ਗੋਲੀਆਂ ਝੱਲੀਆਂ ਪਰ ਫਿਰ ਵੀ ਉਸ ਨੂੰ ਕਾਬੂ ਕਰ ਲਿਆ।
26/11 ਦੇ ਹਮਲੇ ਦੀ ਰਾਤ ਨੂੰ ਅਜਮਲ ਕਸਾਬ ਅਤੇ ਉਸ ਦਾ ਸਾਥੀ ਅੱਤਵਾਦੀ ਇਸਮਾਈਲ ਖਾਨ ਸੀਐਸਟੀ ਰੇਲਵੇ ਸਟੇਸ਼ਨ 'ਤੇ ਕੀਤੇ ਵਹਿਸ਼ੀ ਹਮਲੇ ਤੋਂ ਬਾਅਦ ਕੈਮਾ ਹਸਪਤਾਲ ’ਚ ਵੜ ਗਏ ਸਨ। ਦੋਵੇਂ ਅੱਤਵਾਦੀ ਹਸਪਤਾਲ ਦੇ ਪਿਛਲੇ ਗੇਟ ਤੋਂ ਅੰਦਰ ਦਾਖਲ ਹੋਏ ਅਤੇ ਸਟਾਫ ਦੇ ਕਰਮਚਾਰੀਆਂ ਨੇ ਸਾਰੇ ਦਰਵਾਜ਼ਿਆਂ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਨੇ ਹਸਪਤਾਲ ਦੇ ਬਾਹਰ ਮੌਜੂਦ ਏਟੀਐਸ ਮੁਖੀ ਹੇਮੰਤ ਕਰਕਰੇ ਸਮੇਤ ਛੇ ਅਧਿਕਾਰੀਆਂ ਦੀ ਜਾਨ ਲਈ।
ਬਾਅਦ ਵਿਚ ਜਦੋਂ ਕਸਾਬ ਅਤੇ ਇਕ ਹੋਰ ਅੱਤਵਾਦੀ ਇਸਮਾਈਲ ਖਾਨ ਨੂੰ ਗਿਰਗਾਮ ਚੌਪਾਟੀ ਨੇੜੇ ਰੋਕਿਆ ਗਿਆ, ਤਾਂ ਇਹ ਤੁਕਾਰਾਮ ਓਮਬਲੇ ਹੀ ਸਨ, ਜਿਨ੍ਹਾਂ ਨੇ ਅੱਤਵਾਦੀਆਂ ਰਾਈਫਲ ਦੀ ਬੈਰਲ ਫੜ ਲਈ ਸੀ।
ਇਹ ਓਮਬਲੇ ਦੀ ਬਹਾਦਰੀ ਸੀ, ਜਿਨ੍ਹਾਂ ਦੀਆਂ ਕਾਰਵਾਈਆਂ ਨੇ ਦੂਜੀ ਪੁਲਿਸ ਟੀਮ ਨੂੰ ਕਸਾਬ ਨੂੰ ਜ਼ਿੰਦਾ ਫੜਨ ਲਈ ਤਿਆਰ ਹੋਣ ਅਤੇ ਉਸ ਉੱਤੇ ਕਾਬੂ ਪਾਉਣ ਦਾ ਮੌਕਾ ਦਿੱਤਾ। ਬਹਾਦਰ ਅਸਿਸਟੈਂਟ ਸਬ-ਇੰਸਪੈਕਟਰ ਨੇ ਬਿਲਕੁਲ ਨੇੜਿਓਂ ਕਈ ਗੋਲੀਆਂ ਆਪਣੇ ਸੀਨੇ ਉੱਤੇ ਖਾਧੀਆਂ ਪਰ ਇਹ ਯਕੀਨੀ ਬਣਾਇਆ ਹੋਰ ਪੁਲਿਸ ਅਧਿਕਾਰੀ ਜ਼ਖ਼ਮੀ ਨਾ ਹੋਣ, ਜੋ ਅੱਗ ਬੁਝਾ ਰਹੇ ਸਨ।
ਤੁਕਾਰਾਮ ਓਮਬਲੇ ਨੂੰ ਭਾਰਤ ਦਾ ਸਰਵਉੱਚ ਸ਼ਾਂਤੀ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਨਿਵਾਜ਼ਿਆ ਗਿਆ ਸੀ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਤੁਕਾਰਾਮ ਓਮਬਲੇ ਦੀ ਬਹਾਦਰੀ ਬਾਰੇ ਲਿਖਿਆ ਵੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :