ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੇ ਸਭ ਤੋਂ ਵੱਧ ਫਲੈਟ ਇਸ ਭਾਰਤੀ ਨੇ ਖਰੀਦੇ
ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੁਬਈ ਦੇ ‘ਬੁਰਜ ਖਲੀਫਾ’ ਵਿਚ ਰਹਿਣਾ ਤਾਂ ਦੂਰ, ਉੱਥੇ ਜਾਣ ਦਾ ਸੁਪਨਾ ਵੀ ਦੇਖਦੇ ਹੋਏ ਕਈ ਭਾਰਤੀ ਡਰਦੇ ਹਨ, ਪਰ ਭਾਰਤ ਦੇ ਇੱਕ ਜੰਮ-ਪਲ ਜਾਰਜ ਵੀ ਨੇਰਯਮਪਰਮਪਿਲ ਨੇ ਇਹ ਸੁਫਨਾ ਸੱਚ ਕਰਦਿਆਂ ਸਿਖਰ ਕਰ ਦਿੱਤੀ ਹੈ।
ਦੁਬਈ- ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੁਬਈ ਦੇ ‘ਬੁਰਜ ਖਲੀਫਾ’ ਵਿਚ ਰਹਿਣਾ ਤਾਂ ਦੂਰ, ਉੱਥੇ ਜਾਣ ਦਾ ਸੁਪਨਾ ਵੀ ਦੇਖਦੇ ਹੋਏ ਕਈ ਭਾਰਤੀ ਡਰਦੇ ਹਨ, ਪਰ ਭਾਰਤ ਦੇ ਇੱਕ ਜੰਮ-ਪਲ ਜਾਰਜ ਵੀ ਨੇਰਯਮਪਰਮਪਿਲ ਨੇ ਇਹ ਸੁਫਨਾ ਸੱਚ ਕਰਦਿਆਂ ਸਿਖਰ ਕਰ ਦਿੱਤੀ ਹੈ। ਕੇਰਲਾ ਦੇ ਤ੍ਰਿਸ਼ੂਰ ਵਿਚ ਪੈਦਾ ਹੋਏ ਜਾਰਜ ਦੇ ਸੁਪਨੇ ਸ਼ੁਰੂ ਤੋਂ ਹੀ ਵੱਡੇ ਸਨ। ਉਹ 11 ਸਾਲ ਦੀ ਉਮਰ ਵਿਚ ਪੜ੍ਹਾਈ ਦੇ ਨਾਲ-ਨਾਲ ਸਾਈਡ ਬਿਜ਼ਨੈੱਸ ਕਰਨ ਲੱਗ ਪਿਆ। ਵੱਡਾ ਹੋਇਆ ਤਾਂ ਮੈਕੇਨਿਕ ਬਣ ਗਿਆ।
ਪੈਸੇ ਇਕੱਠੇ ਕਰ ਕੇ ਉਹ ਸ਼ਾਰਜਹਾਂ ਗਿਆ ਅਤੇ ਓਥੇ ਏਅਰਕੰਡੀਸ਼ਨਰ ਦਾ ਬਿਜ਼ਨੈੱਸ ਸ਼ੁਰੂ ਕਰ ਲਿਆ। ਸਾਲ 2010 ਵਿਚ ਜਦੋਂ ਜਾਰਜ ਆਪਣੇ ਦੁਬਈ ਦੇ ਦੋਸਤ ਨਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇਖਣ ਗਿਆ ਤਾਂ ਉਸ ਦੇ ਦੋਸਤ ਨੇ ਕਿਹਾ ਕਿ ਇਸ ਬੁਰਜ ਦੀਆਂ 163 ਮੰਜ਼ਿਲਾਂ ਹਨ। ਇਸ ਵਿਚ ਜਾਣ ਦੇ ਵੀ ਪੈਸੇ ਲੱਗਦੇ ਹਨ ਤੇ ਰਹਿਣ ਬਾਰੇ ਸੋਚਣਾ ਵੀ ਤੇਰੀ ਔਕਾਤ ਨਹੀਂ।
ਇਹ ਗੱਲ ਉਸ ਦੋਸਤ ਨੇ ਮਜ਼ਾਕ ਵਿਚ ਕਹੀ, ਪਰ ਜਾਰਜ ਦੇ ਦਿਲ ਨੂੰ ਇੰਨੀ ਲੱਗੀ ਕਿ ਉਸ ਨੇ ਛੇ ਸਾਲਾਂ ਅੰਦਰ ਇੱਥੇ 22 ਫਲੈਟ ਖਰੀਦ ਲਏ। ਇਹ ਕਿਸੇ ਵਿਅਕਤੀ ਵੱਲੋਂ ਬੁਰਜ ਖਲੀਫਾ ਵਿਚ ਖਰੀਦੇ ਗਏ ਸਭ ਤੋਂ ਜ਼ਿਆਦਾ ਫਲੈਟ ਹਨ। ਜਾਰਜ ਅੱਜ ਕੱਲ੍ਹ ਜਿਓ ਇਲੈਕਟ੍ਰਿਕਲ ਐਂਡ ਕਾਂਟਰੈਕਟਿੰਗ ਦੀ ਐੱਲ ਐੱਲ ਸੀ ਕੰਪਨੀ ਸਮੇਤ ਏਦਾਂ ਦੀਆਂ 16 ਕੰਪਨੀਆਂ ਦਾ ਮਾਲਕ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਸੁਪਨੇ ਦੇਖਣ ਵਿਚ ਯਕੀਨ ਰੱਖਦਾ ਅਤੇ ਉਨ੍ਹਾਂ ਨੂੰ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ।
ਜਾਰਜ ਨੇ ਕਿਹਾ ਕਿ ਬੁਰਜ ਖਲੀਫਾ ਵਿਚ ਪਹਿਲਾ ਫਲੈਟ ਉਸ ਨੇ ਆਪਣੇ ਬਚਾਏ ਹੋਏ ਸਾਰੇ ਪੈਸੇ ਲਾ ਕੇ ਖਰੀਦਿਆ ਸੀ। ਹਾਲ ਹੀ ਵਿਚ ਜਾਰਜ ਨੇ ਇਸ ਇਮਾਰਤ ਵਿਚ 22ਵਾਂ ਫਲੈਟ ਖਰੀਦਿਆ ਹੈ। ਇਹ ਸਾਰੇ ਫਲੈਟ ਵੱਖ-ਵੱਖ ਮੰਜ਼ਿਲਾਂ ਉੱਤੇ ਹਨ। ਇਸ ਇਮਾਰਤ ਵਿਚ ਕੁੱਲ 900 ਫਲੈਟ ਹਨ।