ਅਨੋਖਾ ਵਿਆਹ: ਇੱਕੋ ਮੰਡਪ 'ਚ ਤਿੰਨ ਪੀੜ੍ਹੀਆਂ ਨੇ ਲਏ ਫੇਰੇ, ਧੀ ਦੀ ਜ਼ਿੱਦ ਅੱਗੇ ਪਰਿਵਾਰ ਨੇ ਮੰਨੀ ਹਾਰ
ਲਾੜੀ ਸਪਨਾ ਦੇ ਮਾਤਾ-ਪਿਤਾ ਤੋਂ ਲੈ ਕੇ ਦਾਦਾ-ਦਾਦੀ ਜਾਂ ਉਸ ਦੇ ਵੱਡੇ ਭਰਾ ਦੀ ਲਵ ਮੈਰਿਜ ਹੋਈ ਹੈ। ਹਿੰਦੂ ਪਰੰਪਰਾਵਾਂ ਅਨੁਸਾਰ ਵਿਆਹ ਦੀਆਂ ਰਸਮਾਂ ਨਹੀਂ ਹੋਈਆਂ ਸਨ।
ਲਖਨਊ: ਯੂਪੀ ਦੀ ਦੁਧੀ ਤਹਿਸੀਲ ਦੇ ਦਿਗੁਲ ਪਿੰਡ 'ਚ ਬੀਤੇ ਸੋਮਵਾਰ ਨੂੰ ਇੱਕ ਅਨੋਖਾ ਵਿਆਹ ਹੋਇਆ। ਇਸ ਵਿਆਹ 'ਚ ਇੱਕੋ ਮੰਡਪ 'ਚ ਪਹਿਲਾਂ ਦਾਦਾ-ਦਾਦੀ, ਫਿਰ ਮਾਤਾ-ਪਿਤਾ ਤੇ ਫਿਰ ਭਰਾ-ਭਾਬੀ ਦਾ ਵਿਆਹ ਹੋਇਆ। ਇਸ ਤੋਂ ਬਾਅਦ ਬੇਟੀ ਦਾ ਕੰਨਿਆ ਦਾਨ ਕੀਤਾ ਗਿਆ। ਇਸ ਵਿਆਹ ਨੂੰ ਦੇਖਣ ਲਈ ਆਸ-ਪਾਸ ਦੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਵਿਆਹ ਦੀ ਪੂਰੇ ਇਲਾਕੇ 'ਚ ਕਾਫੀ ਚਰਚਾ ਰਹੀ।
ਪਿੰਡ ਦਿਗੁਲ ਦੇ ਰਹਿਣ ਵਾਲੇ ਨੰਦ ਕੁਮਾਰ ਦੀ ਬੇਟੀ ਸਪਨਾ ਦਾ ਵਿਆਹ ਤੈਅ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਹੁਣ ਵਾਰੀ ਸੀ ਸਪਨਾ ਦਾ ਕੰਨਿਆ ਦਾਨ ਕਰਕੇ ਉਸ ਨੂੰ ਖੁਸ਼ੀ-ਖੁਸ਼ੀ ਸਹੁਰੇ ਘਰ ਵਿਦਾ ਕਰਨ ਦੀ। ਉਦੋਂ ਪਿੰਡ ਦੇ ਲੋਕਾਂ 'ਚ ਚਰਚਾ ਛਿੜ ਗਈ ਸੀ ਕਿ ਸੁਪਨਾ ਦਾ ਕੰਨਿਆ ਦਾਨ ਕੌਣ ਕਰੇਗਾ?
ਦਰਅਸਲ ਲਾੜੀ ਸਪਨਾ ਦੇ ਮਾਤਾ-ਪਿਤਾ ਤੋਂ ਲੈ ਕੇ ਦਾਦਾ-ਦਾਦੀ ਜਾਂ ਉਸ ਦੇ ਵੱਡੇ ਭਰਾ ਦੀ ਲਵ ਮੈਰਿਜ ਹੋਈ ਹੈ। ਹਿੰਦੂ ਪਰੰਪਰਾਵਾਂ ਅਨੁਸਾਰ ਵਿਆਹ ਦੀਆਂ ਰਸਮਾਂ ਨਹੀਂ ਹੋਈਆਂ ਸਨ। ਅਜਿਹੇ 'ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸਨ।
ਜਦੋਂ ਇਸ ਗੱਲ ਦਾ ਲਾੜੀ ਸਪਨਾ ਨੂੰ ਪਤਾ ਲੱਗਾ ਤਾਂ ਉਸ ਨੇ ਖੁਦ ਇਹ ਕਹਿ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤੱਕ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ ਤੇ ਵੱਡੇ ਭਰਾ ਦਾ ਵਿਆਹ ਸਮਾਜਿਕ ਰੀਤੀ-ਰਿਵਾਜਾਂ ਮੁਤਾਬਕ ਨਹੀਂ ਕਰਵਾਉਂਦੇ, ਉਹ ਵੀ ਵਿਆਹ ਨਹੀਂ ਕਰੇਗੀ।
ਇਸ ਤੋਂ ਬਾਅਦ ਸਪਨਾ ਦੇ ਮਾਤਾ-ਪਿਤਾ ਤੇ ਉਸ ਦੇ ਵੱਡੇ ਭਰਾ ਤੇ ਭਾਬੀ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਫਿਰ ਜਾ ਕੇ ਸਪਨਾ ਦਾ ਵਿਆਹ ਹੋਇਆ, ਜਿਸ ਦਾ ਕੰਨਿਆ ਦਾਨ ਉਸ ਦੇ ਪਿਤਾ ਨੰਦ ਕੁਮਾਰ ਨੇ ਕੀਤਾ। ਇਸ ਅਨੋਖੇ ਵਿਆਹ ਦੀ ਪੂਰੇ ਪਿੰਡ 'ਚ ਚਰਚਾ ਹੋ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੰਦ ਕੁਮਾਰ ਦੇ ਘਰ ਲਵ ਮੈਰਿਜ ਇੱਕ ਪਰੰਪਰਾ ਬਣ ਗਈ ਸੀ ਪਰ ਧੀ ਕਾਰਨ ਨਵੀਂ ਪਰੰਪਰਾ ਦੀ ਸ਼ੁਰੂਆਤ ਹੋਈ।






















