ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Government Sahkar Taxi Booking App: ਭਾਰਤ ਸਰਕਾਰ ਨੇ ਦੇਸ਼ ਵਿੱਚ ਇੱਕ ਵੱਡੀ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਓਲਾ, ਉਬਰ, ਰੈਪਿਡੋ ਵਾਂਗ ਹੁਣ ਸਹਿਕਾਰੀ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ।

Sahkar Taxi Service: ਕੇਂਦਰ ਸਰਕਾਰ ਨੇ ਵੀਰਵਾਰ, 27 ਮਾਰਚ 2025 ਨੂੰ ਇੱਕ ਨਵੀਂ ਸਹਿਕਾਰੀ ਟੈਕਸੀ ਸਰਵਿਸ 'ਸਹਿਕਾਰੀ ਟੈਕਸੀ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਬਾਈਕ, ਕੈਬ ਅਤੇ ਆਟੋ ਸਰਵਿਸ ਪ੍ਰਦਾਨ ਕਰਨਾ ਹੈ। ਇਸ ਸਹਿਕਾਰੀ ਟੈਕਸੀ ਸਰਵਿਸ ਦੀ ਸ਼ੁਰੂਆਤ ਓਲਾ, ਉਬੇਰ ਅਤੇ ਰੈਪਿਡੋ ਵਰਗੀਆਂ ਔਨਲਾਈਨ ਟੈਕਸੀ ਬਾਜ਼ਾਰ ਵਿੱਚ ਮੌਜੂਦ ਕੰਪਨੀਆਂ ਨੂੰ ਚੁਣੌਤੀ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ 'ਇਸ ਸਰਵਿਸ ਦਾ ਲਾਭ ਕਿਸੇ ਵੱਡੇ ਉਦਯੋਗਪਤੀ ਨੂੰ ਨਹੀਂ, ਸਗੋਂ ਡਰਾਈਵਰਾਂ ਨੂੰ ਮਿਲੇਗਾ'।
ਭਾਰਤੀ ਸਰਕਾਰ ਦੀ ਟੈਕਸੀ ਸੇਵਾ
ਕੇਂਦਰ ਸਰਕਾਰ ਦੇ ਇਸ ਕਦਮ ਦਾ ਉਦੇਸ਼ ਇੱਕ ਵਿਕਲਪਿਕ ਆਵਾਜਾਈ ਸੇਵਾ ਪ੍ਰਦਾਨ ਕਰਨਾ ਹੈ, ਜਿੱਥੇ ਡਰਾਈਵਰ ਵੱਡੀਆਂ ਕੰਪਨੀਆਂ ਨੂੰ ਕੋਈ ਲਾਭ ਦਿੱਤੇ ਬਿਨਾਂ ਪੈਸਾ ਕਮਾ ਸਕਣਗੇ। ਸੰਸਦ ਵਿੱਚ ਇਸ ਪਹਿਲ ਦਾ ਐਲਾਨ ਕਰਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਸਹਿਕਾਰੀ ਟੈਕਸੀ ਦੇਸ਼ ਭਰ ਵਿੱਚ ਦੋਪਹੀਆ ਵਾਹਨ ਟੈਕਸੀਆਂ, ਆਟੋ-ਰਿਕਸ਼ਾ ਅਤੇ ਚਾਰ ਪਹੀਆ ਵਾਹਨ ਟੈਕਸੀਆਂ ਨੂੰ ਰਜਿਸਟਰ ਕਰੇਗੀ।'
ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਸਹਿਯੋਗ ਰਾਹੀਂ ਖੁਸ਼ਹਾਲੀ' ਸਿਰਫ਼ ਇੱਕ ਨਾਅਰਾ ਨਹੀਂ ਹੈ। ਇਸ ਨੂੰ ਹਕੀਕਤ ਬਣਾਉਣ ਲਈ, ਸਹਿਕਾਰਤਾ ਮੰਤਰਾਲੇ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਦਿਨ ਰਾਤ ਕੰਮ ਕੀਤਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸਹਿਕਾਰੀ ਟੈਕਸੀ ਸੇਵਾ ਆਉਣ ਵਾਲੇ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਕੰਪਨੀਆਂ ਦੇ ਉਲਟ, ਇਹ ਸਰਕਾਰੀ ਸੇਵਾ ਇਹ ਯਕੀਨੀ ਬਣਾਏਗੀ ਕਿ ਸਾਰੀ ਕਮਾਈ ਡਰਾਈਵਰਾਂ ਕੋਲ ਰਹੇ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਵਿੱਤੀ ਲਾਭ ਮਿਲਣਗੇ।
ਅਮਿਤ ਸ਼ਾਹ ਨੇ ਕਿਹਾ ਕਿ ਇਸ ਤੋਂ ਇਲਾਵਾ, ਇੱਕ ਸਹਿਕਾਰੀ ਬੀਮਾ ਕੰਪਨੀ ਵੀ ਬਣਾਈ ਜਾਵੇਗੀ ਜੋ ਦੇਸ਼ ਵਿੱਚ ਲੋਕਾਂ ਨੂੰ ਬੀਮਾ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਇਹ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਬਣ ਜਾਵੇਗੀ।
ਇਹ ਸੇਵਾ ਇਹਨਾਂ ਰਾਜਾਂ ਵਿੱਚ ਉਪਲਬਧ
'ਯਾਤਰੀ ਸਾਥੀ' ਨਾਮਕ ਇੱਕ ਅਜਿਹੀ ਸੇਵਾ ਪਹਿਲਾਂ ਹੀ ਪੱਛਮੀ ਬੰਗਾਲ ਵਿੱਚ ਚੱਲ ਰਹੀ ਹੈ, ਜੋ ਪਹਿਲਾਂ ਸਿਰਫ਼ ਕੋਲਕਾਤਾ ਵਿੱਚ ਉਪਲਬਧ ਸੀ। ਹੁਣ ਇਹ ਸਿਲੀਗੁੜੀ, ਆਸਨਸੋਲ ਅਤੇ ਦੁਰਗਾਪੁਰ ਵਰਗੇ ਸ਼ਹਿਰਾਂ ਵਿੱਚ ਵੀ ਫੈਲ ਗਿਆ ਹੈ। ਯਾਤਰੀ ਸਾਥੀ ਤੇਜ਼ ਬੁਕਿੰਗ, ਸਥਾਨਕ ਭਾਸ਼ਾ ਵਿੱਚ ਜਾਣਕਾਰੀ, ਕਿਫਾਇਤੀ ਕਿਰਾਏ ਅਤੇ 24x7 ਗਾਹਕ ਸਹਾਇਤਾ ਦੀ ਪੇਸ਼ਕਸ਼ ਵੀ ਕਰਦਾ ਹੈ, ਜੋ ਇਸਨੂੰ ਯਾਤਰੀਆਂ ਵਿੱਚ ਇੱਕ ਪ੍ਰਸਿੱਧ ਵਿਕਲਪ ਬਣਾਉਂਦਾ ਹੈ।
ਕੇਰਲ ਦੇਸ਼ ਦਾ ਪਹਿਲਾ ਰਾਜ ਸੀ ਜਿਸਨੇ ਸਾਲ 2022 ਵਿੱਚ ਸਰਕਾਰੀ ਔਨਲਾਈਨ ਟੈਕਸੀ ਸੇਵਾ 'ਕੇਰਲ ਸਵਾਰੀ' ਸ਼ੁਰੂ ਕੀਤੀ ਸੀ। ਹਾਲਾਂਕਿ ਇਸਦੀ ਵਰਤੋਂ ਘੱਟ ਹੋਣ ਕਾਰਨ ਇਸਨੂੰ ਬੰਦ ਕਰ ਦਿੱਤਾ ਗਿਆ ਹੈ, ਪਰ ਰਾਜ ਸਰਕਾਰ ਹੁਣ ਇਸਨੂੰ ਸੋਧੇ ਹੋਏ ਕਿਰਾਏ ਅਤੇ ਬਿਹਤਰ ਸਾਫਟਵੇਅਰ ਨਾਲ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।






















